ਸਨੌਰ : ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਕਪੂਰੀ ਵਿਖੇ ਘੱਗਰ ਦਰਿਆ ਦੇ ਕੰਢੇ ਪਹੁੰਚ ਕੇ ਕਥਿਤ ਨਾਜਾਇਜ਼ ਮਾਈਨਿੰਗ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਘੱਗਰ ਵਿੱਚ ਕੁਦਰਤੀ ਤੌਰ 'ਤੇ ਕੋਈ ਵੱਡਾ ਪਾਣੀ ਨਹੀਂ ਆਇਆ, ਸਗੋਂ ਆਪਣੇ ਕਥਿਤ ਕੁਕਰਮਾਂ ਅਤੇ ਨਾਜਾਇਜ਼ ਮਾਈਨਿੰਗ ਨੂੰ ਲੁਕਾਉਣ ਲਈ ਜਾਣਬੁੱਝ ਕੇ ਪਾਣੀ ਛੱਡਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੈਰੀ ਰਿਆੜ ਨੇ ਕਿਹਾ ਕਿ 11 ਜੁਲਾਈ ਨੂੰ ਦੁਪਹਿਰ 12 ਵਜੇ ਘੱਗਰ ਦਾ ਗੇਜ ਲੈਵਲ ਕਰੀਬ 14.5 ਫੁੱਟ ਦਰਜ ਕੀਤਾ ਗਿਆ ਸੀ, ਜਦਕਿ ਉਸੇ ਦਿਨ ਸ਼ਾਮ 6 ਵਜੇ ਇਹ ਘਟ ਕੇ ਲਗਭਗ 10.5 ਫੁੱਟ ਰਹਿ ਗਿਆ। ਉਨ੍ਹਾਂ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਪਾਣੀ ਦੇ ਪੱਧਰ ਵਿੱਚ ਆਇਆ ਇਹ ਫਰਕ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰਾ ਮਾਮਲਾ ਇੱਕ "ਮੈਨ ਮੇਡ ਡਿਜ਼ਾਸਟਰ" (ਮਨੁੱਖੀ ਦਖ਼ਲ ਨਾਲ ਪੈਦਾ ਕੀਤੀ ਸਥਿਤੀ) ਬਣਾਉਣ ਦੀ ਕੋਸ਼ਿਸ਼ ਸੀ, ਤਾਂ ਜੋ ਘੱਗਰ ਦੇ ਕੰਢਿਆਂ 'ਤੇ ਹੋਈ ਕਥਿਤ ਨਾਜਾਇਜ਼ ਮਾਈਨਿੰਗ ਦੇ ਨਿਸ਼ਾਨ ਮਿਟਾਏ ਜਾ ਸਕਣ। ਕਾਂਗਰਸੀ ਆਗੂ ਨੇ ਕਿਹਾ ਕਿ ਹਲਕਾ ਸਨੌਰ ਦੇ ਲੋਕ ਸੱਚਾਈ ਜਾਣਨਾ ਚਾਹੁੰਦੇ ਹਨ ਅਤੇ ਜਨਤਾ ਦੇ ਹਿੱਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੋਕਾਂ ਦੇ ਹੱਕਾਂ ਨਾਲ ਜੁੜਿਆ ਮੁੱਦਾ ਮੰਨਦੀ ਹੈ ਅਤੇ ਇਸ ਨੂੰ ਲਗਾਤਾਰ ਉਠਾਉਂਦੀ ਰਹੇਗੀ।