ਨਵਾਂਸ਼ਹਿਰ : ਕਰੋਏਸ਼ੀਆ ਭੇਜਣ ਦੇ ਨਾਂ 'ਤੇ 1.50 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਨੇ ਮਾਂ-ਪੁੱਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨਾਲ ਠੱਗੀ ਮਾਰਨ ਵਾਲੇ ਕਥਿਤ ਟ੍ਰੈਵਲ ਏਜੰਟਾਂ ਦੀ ਪਛਾਣ ਪਿੰਡ ਜੇਜੋਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਅਨੂਪ ਰਾਣੀ ਅਤੇ ਉਸ ਦੇ ਪੁੱਤਰ ਕਰਨ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਥਾਣਾ ਸਦਰ ਬੰਗਾ ਵਿਖੇ ਬੀ.ਐਨ.ਐਸ. ਦੀ ਧਾਰਾ 315 (4) ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਮੀਰਪੁਰ ਜੱਟਾਂ ਦੇ ਰਹਿਣ ਵਾਲੇ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋਸਤ ਨਰੇਸ਼ ਕੁਮਾਰ ਵਾਸੀ ਕਸਬਾ ਜਾਡਲਾ ਨੇ ਉਸ ਨੂੰ ਦੱਸਿਆ ਸੀ ਕਿ ਪਿੰਡ ਜੇਜੋਂ (ਹੁਸ਼ਿਆਰਪੁਰ) ਦੀ ਅਨੂਪ ਰਾਣੀ ਅਤੇ ਉਸ ਦਾ ਪੁੱਤਰ ਕਰਨ ਕੁਮਾਰ ਲੋਕਾਂ ਨੂੰ ਕਰੋਏਸ਼ੀਆ ਭੇਜਣ ਦਾ ਕੰਮ ਕਰਦੇ ਹਨ। ਏਜੰਟਾਂ ਨੇ ਉਸ ਨੂੰ ਤਿੰਨ ਮਹੀਨਿਆਂ ਦੇ ਅੰਦਰ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਸੀ ਅਤੇ ਪਹਿਲੀ ਕਿਸ਼ਤ ਵਜੋਂ 1.50 ਲੱਖ ਰੁਪਏ ਮੰਗੇ ਸਨ। ਇਸ ਤੋਂ ਬਾਅਦ ਪੀੜਤ ਨੇ 19 ਜਨਵਰੀ 2024 ਨੂੰ ਆਪਣੇ ਚਾਚਾ ਰਾਣਾ ਪ੍ਰਤਾਪ ਸਿੰਘ ਰਾਹੀਂ ਜਾਡਲਾ ਸਥਿਤ ਐਚ.ਡੀ.ਐਫ.ਸੀ. ਬੈਂਕ ਖਾਤੇ ਤੋਂ 1.50 ਲੱਖ ਰੁਪਏ ਟ੍ਰੈਵਲ ਏਜੰਟ ਅਨੂਪ ਰਾਣੀ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਤੈਅ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਉਸ ਦਾ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਟ੍ਰੈਵਲ ਏਜੰਟਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।