ਫਰੀਦਕੋਟ : ਬਰਸਾਤਾਂ ਦੇ ਮੌਸਮ ਦੌਰਾਨ ਡੇਂਗੂ ਦੇ ਸੰਭਾਵਿਤ ਖ਼ਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਫਰੀਦਕੋਟ ਵੱਲੋਂ ਡੇਂਗੂ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤਹਿਤ ਸਬ-ਡਿਵੀਜ਼ਨਲ ਹਸਪਤਾਲ ਕੋਟਕਪੂਰਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਸ਼ਹਿਰ ਵਿੱਚ ਘਰ-ਘਰ ਜਾ ਕੇ ਲਾਰਵਾ ਸਰਵੇ ਅਤੇ ਡੇਂਗੂ ਸਬੰਧੀ ਜਾਗਰੂਕਤਾ ਫੈਲਾਉਣ ਲਈ 40 ਡੇਂਗੂ ਸਰਵੇ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਗਤੀਵਿਧੀ ਨੂੰ ਸਫਲ ਬਣਾਉਣ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਪੀ.ਏ. ਸ੍ਰੀ ਸ਼ਿਵਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਡੇਂਗੂ ਵਰਗੀਆਂ ਮੌਸਮੀ ਬਿਮਾਰੀਆਂ ਨੂੰ ਸਿਰਫ਼ ਸਰਕਾਰੀ ਯਤਨਾਂ ਨਾਲ ਨਹੀਂ, ਸਗੋਂ ਲੋਕਾਂ ਦੀ ਭਾਗੀਦਾਰੀ ਨਾਲ ਹੀ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ। ਇਸ ਲਈ ਹਰ ਹਫ਼ਤੇ ਕੂਲਰਾਂ, ਗਮਲਿਆਂ, ਫਰਿੱਜ ਦੀਆਂ ਟਰੇਆਂ, ਪਾਣੀ ਦੀਆਂ ਟੈਂਕੀਆਂ, ਡਰੱਮਾਂ, ਟਾਇਰਾਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਨੂੰ ਖਾਲੀ ਕਰਕੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪੂਰੀ ਤਰ੍ਹਾਂ ਮੁਫ਼ਤ ਉਪਲਬਧ ਹੈ। ਡੇਂਗੂ ਹੋਣ ਦੀ ਸੂਰਤ ਵਿੱਚ ਵੱਧ ਤੋਂ ਵੱਧ ਪਾਣੀ ਅਤੇ ਹੋਰ ਤਰਲ ਪਦਾਰਥ ਪੀਣ, ਆਰਾਮ ਕਰਨ ਅਤੇ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਲੈਣੀ ਚਾਹੀਦੀ ਹੈ।