ਸੁਨਾਮ -- ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫਰੰਗੀਆਂ ਤੋਂ ਬਦਲਾ ਲੈਣ ਵਾਲੇ ਸੁਨਾਮ ਦੇ ਜੰਮਪਲ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਮੇਨ ਦੀ ਮੀਟਿੰਗ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਦੀ ਅਗਵਾਈ ਹੇਠ ਹੋਈ। ਕਮੇਟੀ ਵੱਲੋਂ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ 31 ਜੁਲਾਈ ਨੂੰ ਸੁਨਾਮ ਵਿਖੇ ਮਨਾਉਣ ਦੀਆਂ ਤਿਆਰੀਆਂ ਨੂੰ ਲੈਕੇ ਵਿਚਾਰ ਚਰਚਾ ਕੀਤੀ ਗਈ। ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਮਨ ਅਰੋੜਾ ਸ਼ਮੂਲੀਅਤ ਕਰਨਗੇ ਜਦਕਿ ਜਗਦੀਪ ਗੋਲਡੀ ਕੰਬੋਜ ਐਮਐਲਏ ਜਲਾਲਾਬਾਦ ਅਤੇ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਥਿੰਦ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਨਾਲ ਜੁੜੇ ਕਾਰਜਾਂ ਪ੍ਰਤੀ ਕਮੇਟੀ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦੇ ਨਾਲ ਵਾਲੀ ਜਗ੍ਹਾ ਵੀ ਸਰਕਾਰ ਵੱਲੋਂ ਦੇਣ ਦੀ ਮੰਗ ਕੀਤੀ ਗਈ। ਉਨ੍ਹਾਂ ਸ਼ਹੀਦ ਊਧਮ ਸਿੰਘ ਜੀ ਦੀ ਯਾਦ ਵਿੱਚ ਬੰਦ ਪਈ ਸਰਕਾਰੀ ਛੁੱਟੀ ਨੂੰ 21 ਸਾਲ ਬਾਅਦ ਮੁੜ ਸ਼ੁਰੂ ਕਰਨ ਬਦਲੇ ਵੀ ਸੂਬਾ ਸਰਕਾਰ ਦੀ ਸਰਾਹਨਾ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹੀਦੀ ਸਮਾਗ਼ਮ ਦੌਰਾਨ ਪੱਤਰਕਾਰ ਭਾਈਚਾਰੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕੇਹਰ ਸਿੰਘ ਜੋਸ਼ਨ, ਜਤਿੰਦਰ ਪਾਲ ਸਿੰਘ ਬੌਬੀ ,ਗੁਰਬਚਨ ਸਿੰਘ, ਕਰਮ ਸਿੰਘ ,ਨਰਿੰਦਰ ਸਿੰਘ ਢੋਟ, ਮਲਕੀਤ ਸਿੰਘ, ਬਿੰਦਰ ਸਿੰਘ ਅਬਦਾਲ, ਬਿੰਦਰ ਸਿੰਘ ਖਾਲਸਾ, ਹਰਮਿੰਦਰ ਸਿੰਘ ਕੌੜੇ, ਸੋਨੂੰ ਵਰਮਾ, ਦੀਵਾਨ ਸਿੰਘ ਹਾਂਡਾ ਆਦਿ ਹਾਜਰ ਸਨ।