ਚੰਡੀਗੜ੍ਹ, 11 ਜੁਲਾਈ (ਪੰਜਾਬੀ ਸਹਿਜ ਟਾਈਮਜ਼) : ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਦਿਆਂ ਭਗਵੰਤ ਮਾਨ ਸਰਕਾਰ ਨੇ ‘ਪਿੰਡਾਂ ਦਾ ਹਾਲ’ ਐਕਸ਼ਨ ਪਲਾਨ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਇੱਕ ਢਾਂਚਾਗਤ ਯੋਜਨਾ ਹੈ, ਜਿਸਦਾ ਉਦੇਸ਼ ਲੋਕ ਪੱਧਰੀ ਭਾਗੀਦਾਰੀ ਵਧਾਉਣਾ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਨੂੰ ਹੋਰ ਸਰਗਰਮੀ ਨਾਲ ਸ਼ਾਮਲ ਕਰਨਾ ਹੈ। ਇਸ ਐਕਸ਼ਨ ਪਲਾਨ ਨੂੰ ਜੂਨ ਮਹੀਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਰਿਵਿਊ ਮੀਟਿੰਗ ‘ਪਿੰਡਾਂ ਦਾ ਹਾਲ, ਸੀਐੱਮ ਦੇ ਨਾਲ’ ਦੌਰਾਨ ਅੰਤਿਮ ਰੂਪ ਦਿੱਤਾ ਗਿਆ ਸੀ, ਜੋ ਕਿ ਤਾਲਮੇਲ ਕਰਨ, ਨਿਯਮਤ ਨਿਗਰਾਨੀ ਅਤੇ ਸੂਬੇ ਭਰ ਵਿੱਚ ਲਗਾਤਾਰ ਲੋਕ ਭਾਗੀਦਾਰੀ ਨੂੰ ਯਕੀਨੀ ਬਣਾਉਂਦਾ ਹੈ। ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਸਥਾਨਕ ਭਾਈਚਾਰੇ ਦਰਮਿਆਨ ਮੋਰਚੇ ਦੇ ਬਲਾਕ ਕੋਆਰਡੀਨੇਟਰ ਇੱਕ ਮਹੱਤਵਪੂਰਨ ਕੜੀ ਵਜੋਂ ਕੰਮ ਕਰਦੇ ਹਨ। ਇਨ੍ਹਾਂ ਰਿਵਿਊ ਮੀਟਿੰਗਾਂ ਰਾਹੀਂ ਆਖ਼ਰੀ ਪੱਧਰ ਤੱਕ ਮੁਹਿੰਮ ਦੇ ਲਾਗੂਕਰਨ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਇਸ ਲਈ ਬਲਾਕ ਕੋਆਰਡੀਨੇਟਰਾਂ ਦੀ ਭੂਮਿਕਾ ਨੂੰ ਮਜ਼ਬੂਤੀ ਦੇਣ ਦੇ ਨਾਲ, ਵਧੀਆ ਕਾਰਜ-ਪ੍ਰਣਾਲੀਆਂ ਨੂੰ ਅਪਣਾਉਣ ਅਤੇ ਇਨ੍ਹਾਂ ਨੂੰ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਮੁਹਿੰਮ ਵਿੱਚ ਲੋਕਾਂ ਦੀ ਵਧੇਰੇ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇਗਾ। ਜ਼ਿਲ੍ਹਾ-ਵਾਰ ਸਮੀਖਿਆ ਪ੍ਰਕਿਰਿਆ ਦੀ ਸ਼ੁਰੂਆਤ 6 ਜੁਲਾਈ ਨੂੰ ਤਰਨ ਤਾਰਨ, ਅੰਮ੍ਰਿਤਸਰ (ਸ਼ਹਿਰੀ) ਅਤੇ ਅੰਮ੍ਰਿਤਸਰ (ਪੇਂਡੂ) ਤੋਂ ਹੋਈ ਸੀ, ਜਿਸ ਤੋਂ ਬਾਅਦ 7 ਜੁਲਾਈ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਮੀਟਿੰਗਾਂ ਹੋਈਆਂ। ਜਨ-ਸੰਪਰਕ ਮੁਹਿੰਮ ਦੇ ਅਗਲੇ ਪੜਾਅ ਵਿੱਚ 11 ਜੁਲਾਈ ਨੂੰ ਸੰਗਰੂਰ, ਪਟਿਆਲਾ (ਪੇਂਡੂ) ਅਤੇ ਮਾਲੇਰਕੋਟਲਾ; 12 ਜੁਲਾਈ ਨੂੰ ਬਰਨਾਲਾ, ਬਠਿੰਡਾ ਅਤੇ ਮਾਨਸਾ; 13 ਜੁਲਾਈ ਨੂੰ ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਫ਼ਾਜ਼ਿਲਕਾ; 14 ਜੁਲਾਈ ਨੂੰ ਫ਼ਰੀਦਕੋਟ, ਮੋਗਾ ਅਤੇ ਲੁਧਿਆਣਾ (ਸ਼ਹਿਰੀ) ਅਤੇ 15 ਜੁਲਾਈ ਨੂੰ ਲੁਧਿਆਣਾ (ਪੇਂਡੂ -I), ਲੁਧਿਆਣਾ (ਪੇਂਡੂ -II) ਅਤੇ ਫ਼ਤਿਹਗੜ੍ਹ ਸਾਹਿਬ ਵਿੱਚ ਮੀਟਿੰਗਾਂ ਹੋਣਗੀਆਂ।