ਫਰੀਦਕੋਟ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ 11 ਤੋਂ 18 ਜੁਲਾਈ ਤੱਕ ਮਨਾਏ ਜਾ ਰਹੇ ਵਿਸ਼ਵ ਆਬਾਦੀ ਦਿਵਸ ਹਫ਼ਤੇ ਦੇ ਤਹਿਤ, ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਖੰਗੂੜਾ ਦੀ ਅਗਵਾਈ ਵਿੱਚ ਜੱਚਾ-ਬੱਚਾ ਹਸਪਤਾਲ ਫਰੀਦਕੋਟ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਇਸ ਦੌਰਾਨ ਗਰਭਵਤੀ ਮਹਿਲਾਵਾਂ, ਪਰਿਵਾਰਾਂ, ਨਰਸਿੰਗ ਵਿਦਿਆਰਥਣਾਂ ਅਤੇ ਸਿਹਤ ਕਰਮਚਾਰੀਆਂ ਨੂੰ ਪਰਿਵਾਰ ਨਿਯੋਜਨ, ਮਾਂ ਅਤੇ ਬੱਚੇ ਦੀ ਸਿਹਤ ਅਤੇ ਆਬਾਦੀ ਸਥਿਰਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ ਨਿਯੋਜਨ ਦੇ ਸਾਧਨਾਂ ਦੀ ਵਰਤੋਂ ਨਾਲ ਮਾਂ ਅਤੇ ਬੱਚੇ ਦੀ ਸਿਹਤ ਬਿਹਤਰ ਰਹਿੰਦੀ ਹੈ ਅਤੇ ਪਰਿਵਾਰ ਦਾ ਆਰਥਿਕ ਤੇ ਸਮਾਜਿਕ ਵਿਕਾਸ ਵੀ ਸੰਭਵ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਵਿਸ਼ਵ ਆਬਾਦੀ ਦਿਵਸ 2026 ਦਾ ਮੁੱਖ ਉਦੇਸ਼ "ਮਾਂ ਅਤੇ ਬੱਚੇ ਦੀ ਬਿਹਤਰੀ ਲਈ ਗਰਭਾਂ ਵਿਚਕਾਰ ਸਹੀ ਅੰਤਰ ਅਤੇ ਸੂਝਵਾਨ ਪ੍ਰਜਨਨ ਫ਼ੈਸਲਿਆਂ ਨੂੰ ਉਤਸ਼ਾਹਿਤ ਕਰਨਾ" ਹੈ। ਇਸੇ ਉਦੇਸ਼ ਨਾਲ 11 ਤੋਂ 18 ਜੁਲਾਈ ਤੱਕ ਸੂਬੇ ਭਰ ਵਿੱਚ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਪਰਿਵਾਰ ਨਿਯੋਜਨ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।