ਸੁਨਾਮ, 10 ਜੁਲਾਈ (ਪੰਜਾਬੀ ਸਹਿਜ ਟਾਈਮਜ਼) : ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਸੁਨਾਮ ਵਿਖੇ ਨਗਰ ਕੌਂਸਲ ਦਫ਼ਤਰ ਸਾਹਮਣੇ ਸਫ਼ਾਈ ਕਾਮਿਆਂ ਦੇ ਚੱਲ ਰਹੇ ਅਣਮਿੱਥੇ ਧਰਨੇ ਵਿੱਚ ਸ਼ਿਰਕਤ ਕਰਦਿਆਂ ਨਗਰ ਕੌਂਸਲ ਵਿੱਚ ਪਣਪੇ ਕਥਿਤ ਭ੍ਰਿਸ਼ਟਾਚਾਰ ਤੇ ਸਵਾਲ ਖੜ੍ਹੇ ਕੀਤੇ ਹਨ। ਉਕਤ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕਣ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਉਨ੍ਹਾਂ ਆਖਿਆ ਕਿ ਅਜਿਹੇ ਵਰਤਾਰੇ ਨੂੰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਹੜਾ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਿਹਾ ਹੈ। ਰਾਜਿੰਦਰ ਦੀਪਾ ਨੇ ਸਫ਼ਾਈ ਮਜ਼ਦੂਰ ਯੂਨੀਅਨ ਸੁਨਾਮ ਦੇ ਪ੍ਰਧਾਨ ਅਮਨ ਸਿੱਖਣ ਵੱਲੋਂ ਸੈਨਟਰੀ ਇੰਸਪੈਕਟਰ ਮੇਜ਼ਰ ਸਿੰਘ ਤੇ ਨਗਰ ਕੌਂਸਲ ਦੀਆਂ ਪਾਈਪਾਂ ਚੋਰੀ ਕਰਨ ਤੋਂ ਇਲਾਵਾ ਡੀਜ਼ਲ ਵਿੱਚ ਕਥਿਤ ਤੌਰ ਤੇ ਕੀਤੀ ਹੇਰਾਫੇਰੀ ਕਰਨ ਦੇ ਲਾਏ ਦੋਸ਼ਾਂ ਦੀ ਬਾਰੀਕੀ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਉਂਜ ਉਕਤ ਮਾਮਲੇ ਵਿੱਚ ਸੈਨਟਰੀ ਇੰਸਪੈਕਟਰ ਮੇਜ਼ਰ ਸਿੰਘ ਲਾਏ ਦੋਸ਼ਾਂ ਨੂੰ ਮੁੱਢੋਂ ਰੱਦ ਕਰ ਚੁੱਕੇ ਹਨ ਅਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਅਤੇ ਕਾਰਜ਼ ਸਾਧਕ ਅਫ਼ਸਰ ਬਾਲ ਕ੍ਰਿਸ਼ਨ ਗੋਗੀਆ ਪੜਤਾਲ ਕਰਨ ਦੀ ਗੱਲ ਆਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਦਿੱਤੇ ਸਮੇਂ ਅੰਦਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਇੰਨਾਂ ਨੂੰ ਮੁੜ ਅਣਮਿੱਥੇ ਸਮੇਂ ਦੀ ਹੜਤਾਲ ਨਾ ਚਾਹੁੰਦੇ ਹੋਏ ਕਰਨੀ ਪੈ ਰਹੀ ਹੈ। ਕਾਂਗਰਸ ਆਗੂ ਰਾਜਿੰਦਰ ਦੀਪਾ ਨੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਮੰਗ ਕੀਤੀ ਹੈ ਕਿ ਸੂਬੇ ਦੀ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਨੂੰ ਪੂਰਾ ਕਰਕੇ ਸੂਬਾ ਪੱਧਰ ਤੇ ਚੱਲ ਰਹੀ ਹੜਤਾਲ ਨੂੰ ਖਤਮ ਕਰਾਵਾਏ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਕੋਈ ਬਿਮਾਰੀ ਨਾ ਫੈਲੇ।