ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿੱਚ ਲਗਾਤਾਰ ਹੋ ਰਹੇ ਬੰਬ ਧਮਾਕਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਪੰਜਾਬ ਪੁਲਿਸ ਇਨ੍ਹਾਂ ਘਟਨਾਵਾਂ ਬਾਰੇ ਪੂਰੀ ਤਰ੍ਹਾਂ ਬੇਖ਼ਬਰ ਅਤੇ ਬੇਬਸ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ, ਵੜਿੰਗ ਨੇ ਅਮਰੀਕਾ ਵਿੱਚ ਬੈਠ ਕੇ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਂਗਸਟਰਾਂ ਖ਼ਿਲਾਫ਼ ਐੱਫਬੀਆਈ ਵੱਲੋਂ ਕੀਤੀ ਗਈ ਕਾਰਵਾਈ ਦਾ ਵੀ ਸਵਾਗਤ ਕੀਤਾ ਹੈ। ਉਨ੍ਹਾਂ ਨੇ ਖ਼ਾਸ ਤੌਰ 'ਤੇ ਪੰਜਾਬ ਪੁਲਿਸ ਦੇ ਉਸ ਮੁਲਾਜ਼ਮ ਦੀ ਪਛਾਣ ਹੋਣ ਨੂੰ ਮਹੱਤਵਪੂਰਨ ਦੱਸਿਆ ਹੈ, ਜਿਸ 'ਤੇ 4 ਲੱਖ ਅਮਰੀਕੀ ਡਾਲਰ ਦੀ ਵਸੂਲੀ ਕਰਨ ਅਤੇ ਲੋਕਾਂ ਨੂੰ ਧਮਕਾਉਣ ਦੇ ਦੋਸ਼ ਲੱਗੇ ਹਨ। ਉੱਥੇ ਹੀ, ਅਮਰੀਕਾ ਵਿੱਚ ਸਰਗਰਮ ਗੈਂਗਸਟਰ ਨੈੱਟਵਰਕ ਖ਼ਿਲਾਫ਼ ਐੱਫਬੀਆਈ ਦੀ ਕਾਰਵਾਈ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ, ਵੜਿੰਗ ਨੇ ਕਿਹਾ ਕਿ ਇਹ ਸਵਾਗਤਯੋਗ ਕਦਮ ਹੈ, ਜਿਸ ਨਾਲ ਗੈਂਗਸਟਰਾਂ ਨੂੰ ਹੁਣ ਕਿਤੇ ਵੀ ਸੁਰੱਖਿਅਤ ਪਨਾਹ ਨਹੀਂ ਮਿਲੇਗੀ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪੰਜਾਬ ਪੁਲਿਸ ਨੂੰ ਵੀ ਐੱਫਬੀਆਈ ਤੋਂ ਸਬਕ ਲੈਂਦਿਆਂ ਪੰਜਾਬ ਵਿੱਚ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਜਦਕਿ ਇੱਕ ਪੁਲਿਸ ਇੰਸਪੈਕਟਰ ਵੱਲੋਂ ਕਥਿਤ ਤੌਰ 'ਤੇ ਕੁਝ ਲੋਕਾਂ ਤੋਂ 4 ਲੱਖ ਅਮਰੀਕੀ ਡਾਲਰ ਦੀ ਵਸੂਲੀ ਕਰਨ ਸਬੰਧੀ ਪੁੱਛੇ ਸਵਾਲ 'ਤੇ, ਵੜਿੰਗ ਨੇ ਕਿਹਾ ਕਿ ਕਾਂਗਰਸ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਗੈਂਗਸਟਰਾਂ ਨੂੰ ਪੁਲਿਸ ਦੀ ਸਰਪ੍ਰਸਤੀ ਅਤੇ ਮਦਦ ਮਿਲ ਰਹੀ ਹੈ ਤੇ ਇਹ ਮਾਮਲਾ ਉਸੇ ਦਾ ਸਬੂਤ ਹੈ।