ਮੋਰਿੰਡਾ : ਏਂਜਲਸ ਵਰਲਡ ਸਕੂਲ ਮੋਰਿੰਡਾ ਵਿਖੇ ਵਿਦਿਆਰਥੀਆਂ ਵਿੱਚ ਸਿਹਤਮੰਦ ਜੀਵਨ ਸ਼ੈਲੀ ਅਤੇ ਸੰਤੁਲਿਤ ਖੁਰਾਕ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪੌਸ਼ਟਿਕ ਆਹਾਰ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਫੋਰਟਿਸ ਹਸਪਤਾਲ ਮੋਹਾਲੀ ਦੀ ਡਾਇਟੀਸ਼ੀਅਨ ਸੋਨੀਆ ਗਾਂਧੀ ਮੁਖੀ ਕਲੀਨਿਕਲ ਨਿਊਟ੍ਰਿਸ਼ਨ ਐਂਡ ਡਾਇਟੀਟਿਕਸ ਵਿਭਾਗ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਡਾਇਟੀਸ਼ੀਅਨ ਸੋਨੀਆ ਗਾਂਧੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਦੱਸਿਆ ਕਿ ਸਿਹਤਮੰਦ ਸਰੀਰ ਅਤੇ ਤੰਦਰੁਸਤ ਮਨ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਬਹੁਤ ਜਰੂਰੀ ਹੈ। ਉਨ੍ਹਾਂ ਰੋਜ਼ਾਨਾ ਦੇ ਭੋਜਨ ਵਿੱਚ ਹਰੀਆਂ ਸਬਜ਼ੀਆਂ, ਫਲ, ਦਾਲਾਂ, ਦੁੱਧ ਅਤੇ ਅਨਾਜ ਨੂੰ ਸ਼ਾਮਲ ਕਰਨ, ਜੰਕ ਫੂਡ ਅਤੇ ਵੱਧ ਚੀਨੀ ਵਾਲੇ ਪੇਅ ਪਦਾਰਥਾਂ ਤੋਂ ਪਰਹੇਜ਼ ਕਰਨ ਅਤੇ ਰੋਜ਼ਾਨਾ ਕਸਰਤ ਕਰਨ ਲਈ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਖਾਣ-ਪੀਣ ਦੀਆਂ ਸਹੀ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਬੋਲਦਿਆਂ ਸਕੂਲ ਦੇ ਨਿਰਦੇਸ਼ਕ ਯੂ.ਐੱਸ. ਢਿੱਲੋਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਸਹੀ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਣੂੰ ਕਰਵਾਉਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਏਂਜਲਸ ਵਰਲਡ ਸਕੂਲ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ, ਅਨੁਸ਼ਾਸਨ ਅਤੇ ਜੀਵਨ ਮੁੱਲਾਂ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ। ਉਨ੍ਹਾਂ ਡਾਇਟੀਸ਼ੀਅਨ ਸੋਨੀਆ ਗਾਂਧੀ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਕੀਮਤੀ ਵਿਚਾਰ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਪ੍ਰਿੰਸੀਪਲ ਦੀਪਿਕਾ ਸ਼ਰਮਾ, ਸਮੂਹ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।