ਲੁਧਿਆਣਾ : ਗੁਰਦੁਆਰਾ ਹੋਤੀ ਮਰਦਾਨ ਸਾਹਿਬ, ਪਿੰਡ ਦਬੋਰਜੀ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਸ੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ 200ਵੇਂ ਸ਼ਤਾਬਦੀ ਜਨਮ ਦਿਹਾੜੇ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਭਾਈ ਬਲਵੀਰ ਸਿੰਘ, ਮੁੱਖ ਸੇਵਾਦਾਰ ਸੰਤ ਸੇਵਕ ਜਥਾ ਲੁਧਿਆਣਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਗੁਰਬਾਣੀ ਕਥਾ-ਕੀਰਤਨ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਦੀ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਗੁਰਦੁਆਰਾ ਸੋਮਾਸਰ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਗੁਰਮੀਤ ਸਿੰਘ ਨੇ ਸੰਤ ਬਾਬਾ ਕਰਮ ਸਿੰਘ ਜੀ ਦੇ ਜੀਵਨ, ਉੱਚ ਆਦਰਸ਼ਾਂ ਅਤੇ ਗੁਰਸਿੱਖੀ ਪ੍ਰਤੀ ਉਨ੍ਹਾਂ ਦੀਆਂ ਨਿਭਾਈਆਂ ਵਿਲੱਖਣ ਸੇਵਾਵਾਂ ਬਾਰੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਪਰੰਤ ਸਮੂਹ ਸੰਗਤਾਂ ਲਈ ਸੋਲੇ, ਪੂਰੀਆਂ ਅਤੇ ਜਲੇਬੀਆਂ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।