ਕੋਟਕਪੂਰਾ : ਹਫ਼ਤਾਵਾਰੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ (ਰਜਿ.) ਕੋਟਕਪੂਰਾ ਦੇ ਪ੍ਰਧਾਨ ਜਸਕਰਨ ਸਿੰਘ, ਸੈਕਟਰੀ ਹਰਦੀਪ ਸਿੰਘ, ਕੈਸ਼ੀਅਰ ਬਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ ਅਤੇ ਹੋਰ ਸਮੂਹ ਮੈਂਬਰਾਂ ਵੱਲੋਂ ਬਾਬਾ ਨਾਮਦੇਵ ਭਵਨ ਵਿਖੇ ਨਿਸ਼ਾਨ ਸਾਹਿਬ ਉਪਰ ਪੱਥਰ ਲਗਵਾਉਣ ਦੀ ਸੇਵਾ ਲਈ ਭਗਤ ਨਾਮਦੇਵ ਸਭਾ ਸੁਸਾਇਟੀ (ਰਜਿ.) ਕੋਟਕਪੂਰਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੂੰ ਚੈੱਕ ਭੇਟ ਕੀਤਾ ਗਿਆ। ਚੈੱਕ ਪ੍ਰਾਪਤ ਕਰਨ ਉਪਰੰਤ ਭਗਤ ਨਾਮਦੇਵ ਸਭਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਨੌਜਵਾਨਾਂ ਦੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਦੱਸਿਆ ਕਿ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਮੈਂਬਰ ਪਿਛਲੇ ਕਰੀਬ 30 ਸਾਲਾਂ ਤੋਂ ਬਾਬਾ ਨਾਮਦੇਵ ਜੀ ਦੇ ਤਪ ਅਸਥਾਨ ਘੁਮਾਣ ਵਿਖੇ ਲੰਗਰ ਦੀ ਨਿਰੰਤਰ ਸੇਵਾ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੀ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੀ ਇਲਾਕੇ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ।