ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐੱਸ.ਐੱਸ.ਪੀ. ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਨਵਾਂਸ਼ਹਿਰ ਦੀ ਜੇਰੇ ਨਿਗਰਾਨੀ ਹੇਠ, ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਮਿਲੀ ਜਦੋਂ ਗਸ਼ਤ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਨਾਜਾਇਜ਼ ਹਥਿਆਰ, ਨਸ਼ੀਲਾ ਪਦਾਰਥ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਮੌਕੇ ਡੀ ਐਸ ਪੀ ਪੰਕਜ ਸਰਮਾ ਨੇ ਮੀਡੀਆ ਵਾਰਤਾ ਕੀਤੀ। ਉਨਾ ਕਿਹਾ ਕਿ ਥਾਣਾ ਸਿਟੀ ਨਵਾਂਸ਼ਹਿਰ ਦੇ ਮੁਖੀ ਅਵਤਾਰ ਸਿੰਘ ਤੇ ਪੁਲਿਸ ਪਾਰਟੀ ਇਲਾਕੇ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ 'ਤੇ ਤੈਨਾਤ ਸੀ। ਇਸ ਦੌਰਾਨ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਵਾਲਮੀਕਿ ਮੁਹੱਲਾ, ਨਵਾਂਸ਼ਹਿਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਲਵ ਉਰਫ਼ ਗੌਰਵ ਪੁੱਤਰ ਅਸ਼ੋਕ ਕੁਮਾਰ ਅਤੇ ਰੋਹਿਤ ਉਰਫ਼ ਕਾਲੂ ਪੁੱਤਰ ਪਿੰਕੂ ਦੋਵੇਂ ਵਾਸੀ ਵਾਲਮੀਕ ਮੁਹੱਲਾ, ਨਵਾਂਸ਼ਹਿਰ ਵਜੋਂ ਹੋਈ ਹੈ।ਉਨਾ ਦੱਸਿਆ ਕਿ ਪੁਲਿਸ ਵੱਲੋਂ ਜਦੋਂ ਉਕਤ ਮੁਲਜ਼ਮਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਟਲ 32 ਬੋਰ ਸਮੇਤ ਇੱਕ ਮੈਗਜ਼ੀਨ ਅਤੇ 03 ਜ਼ਿੰਦਾ ਰੌਂਦ 32 ਬੋਰ ,50 ਗ੍ਰਾਮ ਹੈਰੋਇਨ ਅਤੇ 21 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 142 ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21, 29, 61, 1985 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਮੁਲਜ਼ਮ ਪੁਰਾਣੇ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਉਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਸੰਗੀਨ ਮਾਮਲੇ ਦਰਜ ਹਨ