ਮੋਗਾ : ਪੰਜਾਬ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਫ਼ਰੀਦਕੋਟ ਰੇਂਜ ਵਿੱਚ 'ਆਪ੍ਰੇਸ਼ਨ ਪ੍ਰਹਾਰ 3.0' ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਫ਼ਰੀਦਕੋਟ ਰੇਂਜ ਦੀ ਇੰਸਪੈਕਟਰ ਜਨਰਲ ਪੁਲਿਸ ਸ੍ਰੀਮਤੀ ਨਿਲਾਂਬਰੀ ਜਗਦਲੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਪਰਾਧੀਆਂ, ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਚਲਾਏ ਗਏ 'ਆਪ੍ਰੇਸ਼ਨ ਪ੍ਰਹਾਰ 1.0' ਅਤੇ 'ਆਪ੍ਰੇਸ਼ਨ ਪ੍ਰਹਾਰ 2.0' ਨੂੰ ਵੀ ਸ਼ਾਨਦਾਰ ਸਫ਼ਲਤਾ ਮਿਲੀ ਸੀ। ਹੁਣ 'ਆਪ੍ਰੇਸ਼ਨ ਪ੍ਰਹਾਰ 3.0' ਤਹਿਤ ਫ਼ਰੀਦਕੋਟ ਰੇਂਜ ਦੇ ਜ਼ਿਲ੍ਹਿਆਂ ਮੋਗਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਵਿੱਚ ਵੱਡੇ ਪੱਧਰ 'ਤੇ ਪੁਲਿਸ ਫੋਰਸ ਤਾਇਨਾਤ ਕਰਕੇ ਛਾਪੇਮਾਰੀ ਅਤੇ ਚੈਕਿੰਗ ਮੁਹਿੰਮ ਚਲਾਈ ਗਈ।
ਦੁਪਹਿਰ 2 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਰੇਂਜ ਭਰ ਵਿੱਚ 1,295 ਪੁਲਿਸ ਮੁਲਾਜ਼ਮਾਂ ਨੇ 436 ਛਾਪੇ ਮਾਰੇ ਅਤੇ 424 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ 245 ਭਗੌੜੇ ਅਪਰਾਧੀ, 129 ਹੋਰ ਮੁਲਜ਼ਮ, 50 ਐਨਡੀਪੀਐਸ ਐਕਟ ਦੇ ਦੋਸ਼ੀ, 10 ਗੈਂਗਸਟਰਾਂ ਦੇ ਸਾਥੀ ਅਤੇ ਹੋਰ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ। ਮੋਗਾ ਜ਼ਿਲ੍ਹੇ ਵਿੱਚ 345 ਪੁਲਿਸ ਕਰਮਚਾਰੀਆਂ ਨੇ 171 ਥਾਵਾਂ 'ਤੇ ਛਾਪੇ ਮਾਰ ਕੇ 157 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਦੌਰਾਨ 470 ਗ੍ਰਾਮ ਹੈਰੋਇਨ, 540 ਨਸ਼ੀਲੀਆਂ ਗੋਲੀਆਂ, 9 ਲੀਟਰ ਨਾਜਾਇਜ਼ ਸ਼ਰਾਬ, 2 ਤਲਵਾਰਾਂ, 2 ਬੇਸਬਾਲ ਬੈਟ ਅਤੇ ਇੱਕ ਵਾਹਨ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਬੀਐਨਐੱਸਐੱਸ ਦੀ ਧਾਰਾ 172 ਤਹਿਤ 10 ਵਿਅਕਤੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ। ਆਈਜੀ ਨਿਲਾਂਬਰੀ ਜਗਦਲੇ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਅਪਰਾਧੀਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਦੀ ਸਮਾਪਤੀ ਤੋਂ ਬਾਅਦ ਪੂਰੇ ਨਤੀਜੇ ਅਤੇ ਹੋਰ ਵਿਸਥਾਰ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ।