ਸੁਨਾਮ : ਪੰਜਾਬ ਦੇ ਸਾਬਕਾ ਮੰਤਰੀ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਦੀ 26ਵੀਂ ਬਰਸੀ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇਵ ਡੈਂਟਲ ਕਾਲਜ, ਸੁਨਾਮ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਅਰਦਾਸ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਲੋਕਾਂ ਦੀ ਸੇਵਾ ਲਈ ਮੁਫ਼ਤ ਡੈਂਟਲ ਅਤੇ ਮੈਡੀਕਲ ਕੈਂਪ ਵੀ ਲਗਾਇਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਵ. ਬਾਬੂ ਭਗਵਾਨ ਦਾਸ ਅਰੋੜਾ ਵੱਲੋਂ ਕੀਤੀ ਨਿਸ਼ਕਾਮ ਲੋਕ ਸੇਵਾ, ਸਾਦਗੀ, ਇਮਾਨਦਾਰੀ ਅਤੇ ਸਮਾਜ ਪ੍ਰਤੀ ਸਮਰਪਣ ਹੀ ਹੈ ਕਿ 26 ਸਾਲ ਬਾਅਦ ਵੀ ਲੋਕ ਉਨ੍ਹਾਂ ਨੂੰ ਉਸੇ ਸਤਿਕਾਰ ਨਾਲ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 1996 ਵਿੱਚ ਗੁਰੂ ਨਾਨਕ ਦੇਵ ਡੈਂਟਲ ਕਾਲਜ ਦੀ ਸਥਾਪਨਾ ਕਰਨਾ ਉਨ੍ਹਾਂ ਦੀ ਦੂਰਅੰਦੇਸ਼ੀ ਦਾ ਪ੍ਰਤੀਕ ਸੀ, ਜਿਸ ਦਾ ਲਾਭ ਅੱਜ ਦੇਸ਼ ਅਤੇ ਵਿਦੇਸ਼ ਵਿੱਚ ਸੇਵਾਵਾਂ ਨਿਭਾ ਰਹੇ ਹਜ਼ਾਰਾਂ ਵਿਦਿਆਰਥੀਆਂ ਨੂੰ ਮਿਲ ਰਿਹਾ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਵ. ਬਾਬੂ ਭਗਵਾਨ ਦਾਸ ਅਰੋੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਸਮਰਪਿਤ ਰਿਹਾ। ਅੱਜ ਇਸ ਸੰਸਥਾ ਤੋਂ ਸਿੱਖਿਆ ਪ੍ਰਾਪਤ ਕਰਕੇ ਹਜ਼ਾਰਾਂ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜੋ ਸਵ. ਬਾਬੂ ਭਗਵਾਨ ਦਾਸ ਅਰੋੜਾ ਦੀ ਦੂਰਅੰਦੇਸ਼ੀ ਅਤੇ ਸਮਾਜ ਪ੍ਰਤੀ ਵਚਨਬੱਧਤਾ ਦਾ ਜੀਵੰਤ ਪ੍ਰਮਾਣ ਹੈ।