ਕਿਹਾ ਸਵਰਗੀ ਅਰੋੜਾ ਦੀ ਸਾਦਗੀ ਤੇ ਨਿਸ਼ਕਾਮ ਸੇਵਾ ਪ੍ਰੇਰਣਾ ਸਰੋਤ
ਸੁਨਾਮ : ਸਥਾਨਕ ਸ਼ਹਿਰ ਅੰਦਰ ਸਥਿਤ ਸਰਬ ਧਰਮ ਆਸਥਾ ਦੇ ਕੇਂਦਰ ਸ੍ਰੀ ਮਾਤਾ ਮੋਦੀ ਦਰਬਾਰ ਦੇ ਸਾਹਮਣੇ ਦਹਾਕਿਆਂ ਤੋਂ ਮਾਤਾ ਮੋਦੀ ਪਾਰਕ ਵਜੋਂ ਜਾਣੇ ਜਾਂਦੇ ਪਾਰਕ ਦਾ ਨਵੀਨੀਕਰਨ ਕਰਨ ਉਪਰੰਤ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਪਾਰਕ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਦੀ 26ਵੀਂ ਬਰਸੀ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਰਸਮੀ ਤੌਰ ਤੇ ਲੋਕ ਅਰਪਣ ਕੀਤਾ। ਪਾਰਕ ਦੇ ਨਵੀਨੀਕਰਨ ਕਰਨ ਨੂੰ ਲੈਕੇ ਜਨਤਾ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਮੌਕੇ ਬੋਲਦਿਆਂ ਸਵਰਗੀ ਬਾਬੂ ਭਗਵਾਨ ਦਾਸ ਅਰੋੜਾ ਦੇ ਸਪੁੱਤਰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੇਸ਼ੱਕ ਬਾਬੂ ਜੀ ਨੂੰ ਗਿਆ 26 ਸਾਲ ਬੀਤ ਗਏ ਹਨ ਲੇਕਿਨ ਅੱਜ ਵੀ ਉਨ੍ਹਾਂ ਦੇ ਆਦਰਸ਼, ਸਾਦਗੀ, ਇਮਾਨਦਾਰੀ ਅਤੇ ਲੋਕ-ਹਿੱਤ ਲਈ ਨਿਸ਼ਕਾਮ ਸਮਰਪਣ ਸਾਡੇ ਲਈ ਪ੍ਰੇਰਣਾ ਦਾ ਅਮਿੱਟ ਸਰੋਤ ਹਨ। ਉਨ੍ਹਾਂ ਵੱਲੋਂ ਲੋਕ ਸੇਵਾ ਲਈ ਅਪਣਾਇਆ ਰਾਹ ਅੱਜ ਵੀ ਸਾਨੂੰ ਸਮਾਜ ਦੀ ਭਲਾਈ ਲਈ ਨਿਰੰਤਰ ਕੰਮ ਕਰਨ ਦਾ ਹੌਸਲਾ ਅਤੇ ਸੇਧ ਦਿੰਦਾ ਹੈ। ਉਨ੍ਹਾਂ ਦੀ ਪਾਵਨ ਯਾਦ ਨੂੰ ਸਦੀਵੀ ਸਮਰਪਿਤ ਕਰਦਿਆਂ ਅੱਜ ਆਪਣੀ ਸਤਿਕਾਰਯੋਗ ਮਾਤਾ ਸ੍ਰੀਮਤੀ ਪਰਮੇਸ਼ਵਰੀ ਦੇਵੀ ਅਤੇ ਧਰਮਪਤਨੀ ਸਬੀਨਾ ਅਰੋੜਾ ਦੇ ਨਾਲ ਸੁਨਾਮ ਊਧਮ ਸਿੰਘ ਵਾਲਾ ਵਿਖੇ “ਸਵ. ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਪਾਰਕ” ਨੂੰ ਲੋਕ ਅਰਪਣ ਕੀਤਾ। ਉਨ੍ਹਾਂ ਆਖਿਆ ਕਿ ਇਹ ਪਾਰਕ ਕੇਵਲ ਇੱਕ ਵਿਕਾਸ ਕਾਰਜ ਨਹੀਂ, ਸਗੋਂ ਉਸ ਮਹਾਨ ਸ਼ਖਸੀਅਤ ਦੀ ਨਿਸ਼ਕਾਮ ਲੋਕ ਸੇਵਾ, ਉੱਚੇ ਜੀਵਨ ਮੁੱਲਾਂ ਅਤੇ ਜਨ-ਕਲਿਆਣ ਪ੍ਰਤੀ ਸਮਰਪਿਤ ਜੀਵਨ ਨੂੰ ਨਿਮਰ ਸ਼ਰਧਾਂਜਲੀ ਹੈ। ਸਾਡਾ ਯਤਨ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਸਮਾਜ ਸੇਵਾ ਦੇ ਇਸ ਪਵਿੱਤਰ ਮਾਰਗ ਨੂੰ ਅੱਗੇ ਵਧਾਉਣ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ, ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਯਾਦਵਿੰਦਰ ਸਿੰਘ ਨਿਰਮਾਣ, ਕੌਂਸਲਰ ਮਾਹੀ ਮਹੰਤ, ਬਘੀਰਥ ਰਾਏ ਗੀਰਾ, ਸਨੀ ਕਾਂਸਲ, ਚਮਕੌਰ ਸਿੰਘ ਹਾਂਡਾ, ਰੁਪਿੰਦਰ ਸਿੰਘ ਰਿੰਪੀ, ਸਨੀ ਖਟਕ, ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।