ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਵੱਲੋਂ ਬੇਅਦਬੀ ਕਾਨੂੰਨ ਬਣਾਉਣ ਸਮੇਂ ਕਾਨੂੰਨ ਨਾ ਪੜ੍ਹਨ ਦੀ ਗੱਲ ਕਬੂਲਣ 'ਤੇ ਸਿਆਸੀ ਹਲਕਿਆਂ ਵਿੱਚ ਤਿੱਖੀ ਪ੍ਰਤੀਕਿਰਿਆ ਸ਼ੁਰੂ ਹੋ ਗਈ ਹੈ। ਸੈਂਟਰ ਹਲਕੇ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਜਗਚਾਨਣ ਸਿੰਘ ਗਿੱਲ ਨੇ ਇਸ ਮਾਮਲੇ 'ਤੇ ਤਨਜ਼ ਕੱਸਦਿਆਂ ਇਸ ਨੂੰ ਵਿਧਾਇਕਾਂ ਦੀ ਸਭ ਤੋਂ ਵੱਡੀ ਨਾਲਾਇਕੀ ਕਰਾਰ ਦਿੱਤਾ ਹੈ। ਜਗਚਾਨਣ ਸਿੰਘ ਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਜਿਨ੍ਹਾਂ ਨੁਮਾਇੰਦਿਆਂ ਨੂੰ ਜਨਤਾ ਨੇ ਕਾਨੂੰਨ ਬਣਾਉਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਵਿਧਾਨ ਸਭਾ ਭੇਜਿਆ ਸੀ, ਉਹ ਐਨੇ ਸੰਵੇਦਨਸ਼ੀਲ ਮੁੱਦੇ 'ਤੇ ਬਿਨਾਂ ਪੜ੍ਹੇ-ਸਮਝੇ ਦਸਤਖਤ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ ਅਤੇ ਹੁਣ ਇਨ੍ਹਾਂ ਦਾ ਪੁੱਠਾ ਦੌਰ ਸ਼ੁਰੂ ਹੋ ਚੁੱਕਾ ਹੈ। "ਜਿਹੜੇ ਵਿਧਾਇਕ ਪਵਿੱਤਰ ਕਾਨੂੰਨਾਂ ਨੂੰ ਬਿਨਾਂ ਪੜ੍ਹੇ ਪਾਸ ਕਰ ਦਿੰਦੇ ਹਨ, ਉਹ ਪੰਜਾਬ ਦੇ ਲੋਕਾਂ ਨਾਲ ਵਫ਼ਾਦਾਰੀ ਕੀ ਕਰਨਗੇ? ਜਨਤਾ ਸਭ ਦੇਖ ਰਹੀ ਹੈ।" ਜਗਚਾਨਣ ਸਿੰਘ ਗਿੱਲ ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ। ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ 'ਆਪ' ਆਗੂਆਂ ਨੂੰ ਮੂੰਹ ਨਹੀਂ ਲਗਾਉਣਗੇ। ਗਿੱਲ ਨੇ ਭਰੋਸਾ ਪ੍ਰਗਟਾਇਆ ਕਿ ਆਉਂਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਹਾਸਲ ਕਰਕੇ ਸੂਬੇ ਵਿੱਚ ਮੁੜ ਆਪਣੀ ਸਰਕਾਰ ਬਣਾਏਗਾ।