ਅੰਮ੍ਰਿਤਸਰ : ਵਾਰਡ ਨੰਬਰ 59 ਦੇ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਪਾਣੀ ਅਤੇ ਹੋਰ ਮੁਢਲੀਆਂ ਸਮੱਸਿਆਵਾਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਸੈਂਟਰ ਹਲਕੇ ਦੇ ਐਮਐਲਏ ਅਜੇ ਗੁਪਤਾ ਵਿਸ਼ੇਸ਼ ਤੌਰ 'ਤੇ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਵਾਰਡ ਨੰਬਰ 59 ਦੇ ਇੰਚਾਰਜ, ਸਮਾਜ ਸੇਵਕਾਂ ਅਤੇ ਵਿਭਾਗੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਥਾਨਕ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਪਾਣੀ ਦੀ ਕਿੱਲਤ ਅਤੇ ਸਫਾਈ ਵਿਵਸਥਾ ਦਾ ਮੁੱਦਾ ਸ਼ਾਮਲ ਸੀ। ਅਧਿਕਾਰੀਆਂ ਨੇ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਨ੍ਹਾਂ ਨੂੰ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ। ਐਮਐਲਏ ਅਜੇ ਗੁਪਤਾ ਨੇ ਸਪੱਸ਼ਟ ਕੀਤਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਅਧੂਰੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸ਼ਾਮਲ ਸਮਾਜ ਸੇਵਕਾਂ ਅਤੇ ਅਧਿਕਾਰੀਆਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਨੂੰ ਆਪਣੀ ਪਹਿਲੀ ਤਰਜੀਹ ਦੱਸਿਆ। ਇਲਾਕਾ ਨਿਵਾਸੀਆਂ ਨੇ ਮੀਟਿੰਗ 'ਤੇ ਤਸੱਲੀ ਪ੍ਰਗਟਾਈ ਅਤੇ ਆਉਣ ਵਾਲੇ ਸਮੇਂ ਵਿੱਚ ਸਮੱਸਿਆਵਾਂ ਦੇ ਹੱਲ ਹੋਣ ਦੀ ਉਮੀਦ ਜਤਾਈ। ਇਸ ਮੌਕੇ ਵਾਰਡ ਦੇ ਪਤਵੰਤੇ ਸੱਜਣ ਅਤੇ ਵਿਭਾਗੀ ਅਮਲਾ ਮੌਜੂਦ ਸੀ। ਇਸ ਮੌਕੇ ਤੇ ਵਾਰਡ 51 ਦੇ ਇੰਚਾਰਜ ਗੁਰਦਾਸ ਸਿੰਘ ਮਨਜੀਤ ਸਿੰਘ ਟਿੰਕੂ ਔਲਖ ਸਾਜਨ ਆਰੇ ਵਾਲਾ ਕੈਪਟਨ ਲਖਬੀਰ ਸਿੰਘ ਅਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਮੌਜੂਦ ਸਨ