ਪਾਤੜਾਂ : ਸਮਾਜ ਸੇਵੀ ਸੰਸਥਾ ਵਿਸ਼ਵਕਰਮਾ ਬਲੱਡ ਡੋਨਰਜ ਕਲੱਬ ਪਾਤੜਾਂ ਵੱਲੋਂ ਮੋਬਾਇਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਥੈਲਾਸੀਮੀਆ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਮਰੀਜ਼ਾਂ ਦੀ ਮਦਦ ਲਈ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਸਥਾਨਕ ਭਗਵਾਨ ਹੈਲਥ ਕੇਅਰ ਸੈਂਟਰ ਪਾਤੜਾਂ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਟੀਮ ਨੇ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ। ਜਾਣਕਾਰੀ ਦਿੰਦਿਆ ਵਿਸ਼ਵਕਰਮਾ ਡੋਨਰਜ ਕਲੱਬ ਦੇ ਪ੍ਰਧਾਨ ਹਰਜਿੰਦਰ ਸਿੰਘ ਬਿੱਟਾ ਨੇ ਦੱਸਿਆ ਕਿ ਕੈਂਪ ਭਗਵਾਨ ਹੈਲਥ ਕੇਅਰ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਅਮਨ ਸ਼ਰਮਾ ਦੀ ਦੇਖ ਰੇਖ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਇਲਾਕੇ ਦੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸਵੈ ਇੱਛਾ ਨਾਲ ਥੈਲੇਸੀਮੀਆਂ ਪੀੜਤਾਂ ਲਈ ਖੂਨਦਾਨ ਕੀਤਾ। ਉਹਨਾਂ ਕਿਹਾ ਕਿ ਥੈਲਾਸੀਮੀਆ ਬੀਮਾਰੀ ਤੋਂ ਪ੍ਰਭਾਵਿਤ ਬੱਚਿਆਂ ਨੂੰ ਖੂਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਬੀਮਾਰੀ ਤੋਂ ਪੀੜਤ ਬੱਚਿਆਂ ਦਾ ਖ਼ੂਨ ਬਹੁਤ ਤੇਜ਼ੀ ਨਾਲ ਘਟਦਾ ਹੈ ਅਤੇ ਉਨ੍ਹਾਂ ਨੂੰ ਵਾਰ ਵਾਰ ਖੂਨ ਚੜ੍ਹਾਉਣਾ ਪੈਂਦਾ ਹੈ। ਇਸ ਦੌਰਾਨ ਡਾ ਅਮਨ ਸ਼ਰਮਾ ਨੇ ਅਪੀਲ ਕਰਦਿਆਂ ਕਿਹਾ ਕਿ ਮਨੁੱਖੀ ਖੂਨ ਇੱਕ ਅਜਿਹੀ ਵਸਤੂ ਹੈ ਜਿਸ ਨੂੰ ਕਿਸੇ ਵੀ ਪ੍ਰਯੋਗਸ਼ਾਲਾ ਵਿੱਚ ਹਾਲੇ ਤੱਕ ਤਿਆਰ ਨਹੀਂ ਕੀਤਾ ਜਾ ਸਕਿਆ। ਇਸ ਲਈ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਜਿਉਂਦੇ ਰੱਖਣ ਲਈ ਦਾਨ ਵਿੱਚ ਦਿੱਤਾ ਗਿਆ ਖੂਨ ਹੀ ਮਰੀਜ਼ ਲਈ ਇੱਕੋ ਇੱਕ ਸਹਾਰਾ ਹੁੰਦਾ ਹੈ। ਕੈਂਪ ਦੌਰਾਨ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ।