ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹੱਦ ਅੰਦਰ ਲੁਧਿਆਣਾ ਜ਼ਿਲ੍ਹੇ ਨਾਲ ਲੱਗਦੇ ਸਤਲੁਜ ਦਰਿਆ ਦੇ ਬੰਨ੍ਹ ਅਤੇ ਮੱਤੇਵਾੜਾ ਪੁਲ ਦੇ ਹੇਠਾਂ ਹੋ ਰਹੀ ਅੰਨ੍ਹੇਵਾਹ ਨਜਾਇਜ਼ ਮਾਈਨਿੰਗ ਕਾਰਨ ਹਾਲਾਤ ਬੇਹੱਦ ਨਾਜ਼ੁਕ ਅਤੇ ਤਣਾਅਪੂਰਨ ਬਣ ਗਏ ਹਨ। ਰੇਤ ਦੇ ਭਰੇ ਭਾਰੀ-ਭਰਕਮ ਟਿੱਪਰਾਂ ਕਾਰਨ ਦਰਿਆ ਦਾ ਬੰਨ੍ਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ, ਜਿਸ ਕਾਰਨ ਆਸ-ਪਾਸ ਦੇ ਦਰਜਨਾਂ ਪਿੰਡਾਂ 'ਤੇ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੋਸ਼ ਲਗਾਏ ਹਨ ਕਿ ਬੀਤੀ ਰਾਤ ਉਸ ਵੇਲੇ ਜਦੋਂ ਬੰਨ੍ਹ ਨੂੰ ਬਚਾਉਣ ਲਈ ਪਿੰਡ ਵਾਸੀਆਂ ਨੇ ਰੇਤ ਦੇ ਟਿੱਪਰ ਰੋਕੇ, ਅਤੇ ਕਾਰਾਂ ਵਿੱਚ ਆਏ ਕਰੀਬ 10 ਗੱਡੀਆਂ ਸਵਾਰ ਹਥਿਆਰਬੰਦ ਵਿਅਕਤੀਆਂ ਨੇ ਜ਼ਬਰਦਸਤੀ ਉਨ੍ਹਾਂ ਟਿੱਪਰਾਂ ਨੂੰ ਉੱਥੋਂ ਛੁਡਵਾ ਲਿਆ। ਇਸ ਗੁੰਡਾਗਰਦੀ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਅੱਜ ਦੂਜੇ ਦਿਨ ਫਿਰ ਇਕੱਠੇ ਹੋ ਕੇ ਮਾਈਨਿੰਗ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਪਿੰਡ ਵਾਸੀਆਂ ਦੇ ਹੱਕ ਵਿੱਚ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਅਤੇ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਇੱਥੇ ਸ਼ਰੇਆਮ ਹੋ ਰਹੀ ਨਜਾਇਜ਼ ਮਾਈਨਿੰਗ ਕਾਰਨ ਗਰੀਬ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਦਰਿਆ ਦਾ ਸੁਰੱਖਿਆ ਬੰਨ੍ਹ ਟੁੱਟਣ ਦੀ ਕੰਗਾਰ 'ਤੇ ਹੈ ਅਤੇ ਇਲਾਕੇ ਦੇ ਲੋਕਾਂ ਵਿੱਚ ਆਉਣ ਵਾਲੇ ਬਰਸਾਤੀ ਦਿਨਾਂ ਵਿੱਚ ਹੜ੍ਹ ਆਉਣ ਦਾ ਬਹੁਤ ਜ਼ਿਆਦਾ ਡਰ ਤੇ ਦਰਦ ਹੈ। ਅਕਾਲੀ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਉਹ ਮਾਈਨਿੰਗ ਮਾਫ਼ੀਆ ਦੀ ਇਸ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਲੋਕਾਂ ਦੇ ਹਿੱਤਾਂ ਲਈ ਹਰ ਕਾਨੂੰਨੀ ਤੇ ਤਿੱਖੀ ਲੜਾਈ ਲੜਨਗੇ। ਇਕੱਠੇ ਹੋਏ ਪਿੰਡ ਵਾਸੀਆਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਅਤੇ ਗੁੱਸਾ ਦੇਖਣ ਨੂੰ ਮਿਲਿਆ ਲੋਕਾਂ ਨੇ ਮੰਗ ਕੀਤੀ ਹੈ ਕਿ ਮਾਈਨਿੰਗ ਤੁਰੰਤ ਬੰਦ ਕਰਵਾਈ ਜਾਵੇ ਅਤੇ ਰਾਤ ਨੂੰ ਹਥਿਆਰਾਂ ਦੇ ਜ਼ੋਰ 'ਤੇ ਟਿੱਪਰ ਛੁਡਵਾਉਣ ਵਾਲੇ ਅਨਸਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ।