ਸਮਾਣਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਅਗਵਾਈ ਹੇਠ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਮੰਡੀ ਬੋਰਡ ਨਾਲ ਸੰਬੰਧਤ ਵੱਖ-ਵੱਖ ਏਜੰਡਿਆਂ ਉੱਤੇ ਵਿਸਥਾਰ ਨਾਲ ਗੱਲਬਾਤ ਹੋਈ। ਇਸ ਮੌਕੇ ਅਹਿਮ ਏਜੰਡਿਆਂ ਨੂੰ ਪਾਸ ਕੀਤਾ ਗਿਆ ਅਤੇ ਜਲਦ ਤੋਂ ਜਲਦ ਅਮਲੀ-ਜਾਮਾਂ ਪਹਿਨਾਉਣ ਦਾ ਫੈਸਲਾ ਲਿਆ ਗਿਆ। ਇਸ ਮਗਰੋਂ ਪੱਤਰਕਾਰਵਾਰਤਾ ਦੌਰਾਨ ਸ. ਹਰਚੰਦ ਸਿੰਘ ਬਰਸਟ ਨੇ ਪਿਛਲੇ ਚਾਰ ਸਾਲਾਂ ਵਿੱਚ ਮੰਡੀ ਬੋਰਡ ਵੱਲੋਂ ਵਿਕਾਸੀ ਕੰਮਾਂ ਅਤੇ ਬੁਨਿਆਦੀ ਢਾਂਚੇ ਦੇ ਸੁਧਾਰ ਵਿੱਚ ਪ੍ਰਾਪਤ ਕੀਤੀਆਂ ਇਤਿਹਾਸਕ ਉਪਲਬੱਧੀਆਂ ਦਾ ਵੇਰਵਾ ਸਾਂਝਾ ਕੀਤਾ। ਸੂਬੇ ਦੇ ਪਿੰਡਾਂ ਦੀਆਂ 280 ਕਿਲੋਮੀਟਰ ਲੰਬਾਈ ਦੀਆਂ ਫਿਰਨੀਆਂ ਨੂੰ 235 ਕਰੋੜ ਰੁਪਏ ਦੀ ਲਾਗਤ ਨਾਲ ਸੀ.ਸੀ. (ਸੀਮੈਂਟ ਅਤੇ ਕੰਕਰੀਟ) ਨਾਲ ਮਾਡਰਨਾਈਜੇਸ਼ਨ ਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਲਗਭਗ 455.84 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੀਆਂ ਵੱਖ-ਵੱਖ ਮੰਡੀਆਂ ਦੀਆਂ ਅੰਦਰੂਨੀ ਸੜਕਾਂ, ਫੜ੍ਹਾਂ ਅਤੇ ਸ਼ੈਡਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਲੁਧਿਆਣਾ ਅਤੇ ਸੰਗਰੂਰ ਵਿਖੇ ਵੱਖ-ਵੱਖ ਥਾਵਾਂ ਤੇ ਵਿਗਿਆਪਨਾਂ ਲਈ 12 ਯੂਨੀਪੋਲ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੇ ਫਗਵਾੜਾ (ਕਪੂਰਥਲਾ) ਵਿਖੇ ਫਲ/ਸਬਜੀ ਮੰਡੀਆਂ ਦੀ ਰਹਿੰਦ-ਖੁਹੰਦ ਨੂੰ ਡਿਸਪੋਜ਼ ਆਫ਼ ਕਰਨ ਲਈ ਵੇਸਟ ਮੈਨੇਜਮੈਂਟ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੇ ਨਾਲ ਫੁਗਲਾਣਾ (ਹੁਸ਼ਿਆਰਪੁਰ) ਵਿਖੇ ਪਿਛਲੇ ਕੁਝ ਸਾਲਾਂ ਤੋਂ ਬੰਦ ਪਏ ਮੇਜ ਡਰਾਇਰ ਨੂੰ 5 ਸਾਲਾਂ ਲਈ ਲੀਜ਼ 'ਤੇ ਦਿੱਤਾ ਗਿਆ ਹੈ।
........................................