ਚੱਬੇਵਾਲ (ਹੁਸ਼ਿਆਰਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਰਵਾਇਤੀ ਸਿਆਸੀ ਪਾਰਟੀਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਲਗਾਤਾਰ ਕੂੜ ਪ੍ਰਚਾਰ ਕਰ ਰਹੀਆਂ ਹਨ, ਕਿਉਂਕਿ ਉਹ ਨਾ ਤਾਂ ਇਤਿਹਾਸਕ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ-2026' ਦੇ ਪਾਸ ਹੋਣ ਨੂੰ ਹਜ਼ਮ ਕਰ ਪਾ ਰਹੀਆਂ ਹਨ ਅਤੇ ਨਾ ਹੀ ਇਸ ਗੱਲ ਨੂੰ ਕਿ ਇੱਕ ਆਮ ਘਰ ਦਾ ਪੁੱਤਰ ਪੰਜਾਬ ਵਿੱਚ ਸੁਚੱਜੇ ਢੰਗ ਨਾਲ ਸਰਕਾਰ ਚਲਾ ਰਿਹਾ ਹੈ। ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਬਿਹਾਲਾ ਵਿਖੇ 'ਲੋਕ ਮਿਲਣੀ' ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਵੱਲੋਂ ਦਿੱਤੇ ਅਥਾਹ ਪਿਆਰ, ਸਤਿਕਾਰ ਅਤੇ ਅਸੀਸਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਨਤਾ ਦਾ ਇਹ ਵੱਡਾ ਹੁੰਗਾਰਾ ਸੂਬਾ ਸਰਕਾਰ ਦੀਆਂ ਨੀਤੀਆਂ ਅਤੇ ਨੀਅਤ ਵਿੱਚ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਬਿਹਾਲਾ ਵਿਖੇ ਲੋਕ ਮਿਲਣੀ ਨੂੰ ਮਿਲਿਆ ਲੋਕਾਂ ਦਾ ਭਰਵਾਂ ਹੁੰਗਾਰਾ
ਇਸ ਲੋਕ ਮਿਲਣੀ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੁਣਨ ਲਈ ਨਾ ਸਿਰਫ਼ ਪੰਡਾਲ ਵਿੱਚ ਬਲਕਿ ਆਲੇ-ਦੁਆਲੇ ਦੇ ਘਰਾਂ ਦੀਆਂ ਛੱਤਾਂ, ਬਾਲਕੋਨੀਆਂ ਅਤੇ ਬਨੇਰਿਆਂ 'ਤੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਲਾਕੇ ਦੇ ਲੋਕਾਂ ਨੇ ਪੂਰੇ ਸਮਾਗਮ ਦੌਰਾਨ ਤਾੜੀਆਂ ਅਤੇ ਜੈਕਾਰਿਆਂ ਨਾਲ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਲੋਕ ਪੱਖੀ ਕਾਰਜਾਂ ਦੇ ਸਤਿਕਾਰ ਵਜੋਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਸ੍ਰੀ ਸਾਹਿਬ (ਤਲਵਾਰ) ਭੇਟ ਕੀਤੀ। ਲੋਕਾਂ ਦੇ ਇਸ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਅਜਿਹਾ ਅਥਾਹ ਪਿਆਰ ਉਨ੍ਹਾਂ ਨੂੰ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ, ਤਰੱਕੀ ਅਤੇ ਖੁਸ਼ਹਾਲੀ ਲਈ ਦਿਨ-ਰਾਤ ਮਿਹਨਤ ਕਰਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ। ਲੋਕ ਮਿਲਣੀ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਮੈਂ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ-2026' ਲਿਆਉਣ ਦਾ ਮੌਕਾ ਬਖਸ਼ਿਆ। ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤਾਂ ਕਰੋੜਾਂ ਲੋਕਾਂ ਦੇ ਹਿਰਦੇ ਵਲੂੰਧਰੇ ਗਏ। ਮੁੱਖ ਮੰਤਰੀ ਨੇ ਦਾਅਵਾ ਕੀਤਾ, "ਅਕਾਲੀਆਂ ਨੇ ਆਪਣੇ ਨਿੱਜੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕੀਤੀ ਹੈ। ਜਥੇਦਾਰ ਅਕਾਲੀਆਂ ਦੀਆਂ ਜੇਬਾਂ ਵਿੱਚੋਂ ਲਾਏ ਜਾਂਦੇ ਹਨ ਅਤੇ ਇਸੇ ਕਰਕੇ ਉਹ ਰਾਜਨੀਤੀ ਕਰ ਰਹੇ ਹਨ। ਇੱਕ ਜਥੇਦਾਰ ਨੇ ਲੋਕਾਂ ਦੇ ਵਿਰੋਧ ਦੇ ਡਰੋਂ ਤੜਕੇ ਹੀ ਅਹੁਦਾ ਸੰਭਾਲ ਲਿਆ ਸੀ ਅਤੇ ਹੁਣ ਉਹ ਧਰਮ ਦੀ ਆੜ ਵਿੱਚ ਮੇਰੇ ਖਿਲਾਫ ਸਾਜ਼ਿਸ਼ਾਂ ਰਚ ਰਹੇ ਹਨ। ਇਨ੍ਹਾਂ ਲੋਕਾਂ ਕੋਲ ਮੈਨੂੰ ਕਿਸੇ ਵੀ ਤਰ੍ਹਾਂ ਬਦਨਾਮ ਕਰਨ ਤੋਂ ਇਲਾਵਾ ਕੋਈ ਹੋਰ ਏਜੰਡਾ ਨਹੀਂ ਹੈ।" ਕੰਢੀ ਖੇਤਰ ਵਿੱਚ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਖੇਤੀਬਾੜੀ ਨੂੰ ਵੱਡਾ ਹੁਲਾਰਾ ਦੇਣ ਲਈ ਜਲਦੀ ਹੀ ਨਹਿਰੀ ਪਾਣੀ ਕੰਢੀ ਖੇਤਰ ਦੇ ਕੋਨੇ-ਕੋਨੇ ਤੱਕ ਪਹੁੰਚੇਗਾ। ਸੂਬਾ ਸਰਕਾਰ ਇਸ ਪਵਿੱਤਰ ਖੇਤਰ ਵਿੱਚ ਖੇਤੀਬਾੜੀ ਦੇ ਵਿਕਾਸ ਲਈ ਅਣਥੱਕ ਯਤਨ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਦੇ ਉਦਾਸੀਨ ਰਵੱਈਏ ਕਾਰਨ ਇਹ ਖੇਤਰ ਅਣਗੌਲੇ ਰਹੇ। ਇੱਕ ਪਾਸੇ ਅਸੀਂ ਇਸ ਖੇਤਰ ਵਿੱਚ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਉਭਾਰ ਰਹੇ ਹਾਂ ਅਤੇ ਦੂਜੇ ਪਾਸੇ ਖੇਤੀਬਾੜੀ ਨੂੰ ਮਜ਼ਬੂਤ ਕਰ ਰਹੇ ਹਾਂ।" ਮੁੱਖ ਮੰਤਰੀ ਨੇ ਕਿਹਾ, "ਸੂਬਾ ਸਰਕਾਰ ਵਿਦੇਸ਼ਾਂ ਵੱਲ ਪ੍ਰਵਾਸ ਦੇ ਰੁਝਾਨ ਨੂੰ ਮੋੜ ਕੇ ਆਮ ਲੋਕਾਂ ਦੀ ਤਕਦੀਰ ਬਦਲਣ ਲਈ ਵਚਨਬੱਧ ਹੈ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ੀ ਧਰਤੀ 'ਤੇ ਨਹੀਂ ਜਾਣਾ ਪਵੇਗਾ ਕਿਉਂਕਿ ਅਸੀਂ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹ ਰਹੇ ਹਾਂ। ਸਾਡਾ ਉਦੇਸ਼ ਨੌਜਵਾਨਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਹਿੱਸੇਦਾਰ ਬਣਾਉਣਾ ਅਤੇ ਸਿੱਖਿਆ ਖੇਤਰ ਨੂੰ ਹੁਲਾਰਾ ਦੇਣਾ ਹੈ।" ਰਵਾਇਤੀ ਸਿਆਸੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ, "ਇਨ੍ਹਾਂ ਪਾਰਟੀਆਂ ਨੇ ਸੱਤਾ ਵਿੱਚ ਰਹਿ ਕੇ ਆਪਣੇ ਹਿੱਤਾਂ ਦੀ ਰਾਖੀ ਲਈ ਆਪਸੀ ਮਿਲੀਭੁਗਤ ਨਾਲ ਪੰਜਾਬ ਨੂੰ ਸਾਲਾਂਬੱਧੀ ਲੁੱਟਿਆ।