ਨਵਾਂਸ਼ਹਿਰ : ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ ਵੱਲੋਂ ਮਨੁੱਖਤਾ ਦੇ ਪੈਗੰਬਰ ਅਤੇ ਪਿੰਗਲਵਾੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ, ਭਗਤ ਪੂਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ 15ਵਾਂ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਮਹਾਨ ਕਾਰਜ ਪੀ.ਜੀ.ਆਈ. ਚੰਡੀਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਟਰੱਸਟ ਦੇ ਮੁੱਖ ਪ੍ਰਬੰਧਕ ਹਰਪ੍ਰਭਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖ਼ੂਨਦਾਨ ਕੈਂਪ 4 ਜੂਨ 2026, ਦਿਨ ਵੀਰਵਾਰ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 2:00 ਵਜੇ ਤੱਕ ਪਿੰਡ ਬਰਨਾਲਾ ਕਲਾਂ ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਲਗਾਇਆ ਜਾਵੇਗਾ। ਮਨੁੱਖਤਾ ਦੀ ਸੇਵਾ ਦੇ ਇਸ ਮਹਾਂ-ਯੱਗ ਵਿੱਚ ਇਲਾਕੇ ਦੀਆਂ ਕਈ ਨਾਮਵਰ ਸਮਾਜ ਸੇਵੀ ਸੰਸਥਾਵਾਂ ਸਹਿਯੋਗ ਕਰ ਰਹੀਆਂ ਹਨ ਕੈਂਪ ਦੀਆਂ ਤਿਆਰੀਆਂ ਸਬੰਧੀ ਟਰੱਸਟ ਦੇ ਚੇਅਰਮੈਨ ਹਰਪ੍ਰਭਮਹਿਲ ਸਿੰਘ , ਵਾਈਸ ਚੇਅਰਮੈਨ ਮਹਿੰਦਰ ਸਿੰਘ , ਵਾਈਸ ਪ੍ਰਧਾਨ ਚੈਨ ਸਿੰਘ ਅਤੇ ਸੈਕਟਰੀ ਮਨਜੀਤ ਸਿੰਘ ਨੇ ਇਲਾਕੇ ਦੇ ਸਮੂਹ ਨੌਜਵਾਨਾਂ ਅਤੇ ਮਨੁੱਖਤਾ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਸਵੈ-ਇੱਛੁਕ ਖ਼ੂਨਦਾਨ ਕਰਨ, ਤਾਂ ਜੋ ਹਸਪਤਾਲਾਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।