ਨਵਾਂਸ਼ਹਿਰ : ਕਸਬਾ ਔੜ ਵਿਖੇ ਨੌਜਵਾਨ ਨਿਸ਼ਾਨ ਸਿੰਘ ਉਰਫ ਮੋਨੀ (37) ਦੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਥਾਣਾ ਔੜ ਦੀ ਪੁਲਿਸ ਨੇ ਮ੍ਰਿਤਕ ਦੇ ਦੋਸਤ ਦੇ ਬਿਆਨਾਂ ਦੇ ਆਧਾਰ 'ਤੇ ਅਮਰੀਕਾ ਬੈਠੇ ਸਾਜ਼ਿਸ਼ਘੜਤ ਸਮੇਤ 9 ਨਾਮਜ਼ਦ ਅਤੇ 2 ਅਣਪਛਾਤੇ ਸ਼ੂਟਰਾਂ ਖ਼ਿਲਾਫ਼ ਕਤਲ ਅਤੇ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇਹ ਖ਼ੂਨੀ ਖੇਡ ਪੁਰਾਣੀ ਅਦਾਲਤੀ ਰੰਜਿਸ਼ ਅਤੇ ਇੱਕ ਲੜਕੀ ਦੇ ਮਾਮਲੇ ਨੂੰ ਲੈ ਕੇ ਰਚੀ ਗਈ ਸੀ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਬਚਪਨ ਦੇ ਦੋਸਤ ਸਮਿੰਦਰ ਸਿੰਘ ਵਾਸੀ ਔੜ ਨੇ ਦੱਸਿਆ ਕਿ 29 ਮਈ ਵਕਤ ਕਰੀਬ 8:15 ਵਜੇ ਉਹ, ਨਿਸ਼ਾਨ ਸਿੰਘ ਅਤੇ ਨਿਸ਼ਾਨ ਸਿੰਘ ਦੀ ਮਾਤਾ ਗੁਰਮੀਤ ਕੌਰ ਘਰੇਲੂ ਕੰਮ ਲਈ ਔੜ ਬਾਜ਼ਾਰ ਆਏ ਸਨ ਜਿਥੇ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਨੇ ਨਿਸ਼ਾਨ ਸਿੰਘ 'ਤੇ ਤਾਬੜਤੋੜ ਫ਼ਾਇਰਿੰਗ ਕਰ ਦਿੱਤੀ। ਸਮਿੰਦਰ ਅਤੇ ਮਾਤਾ ਗੁਰਮੀਤ ਕੌਰ ਦੇ ਦੇਖਦੇ-ਦੇਖਦੇ ਹਮਲਾਵਰ ਗੋਲੀਆਂ ਚਲਾ ਕੇ ਮੋਟਰਸਾਈਕਲ 'ਤੇ ਰਾਹੋਂ ਵੱਲ ਫ਼ਰਾਰ ਹੋ ਗਏ। ਨਿਸ਼ਾਨ ਸਿੰਘ ਦੇ ਸਰੀਰ 'ਤੇ 8-9 ਗੋਲੀਆਂ ਲੱਗੀਆਂ ਅਤੇ ਉਸ ਨੂੰ ਤੁਰੰਤ ਨਵਾਂਸ਼ਹਿਰ ਦੇ ਨਿਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸਮਿੰਦਰ ਸਿੰਘ ਦੇ ਬਿਆਨਾਂ ਮੁਤਾਬਕ ਇਹ ਕਤਲ ਅਮਰੀਕਾ ਵਿੱਚ ਬੈਠੇ ਅਕਾਸ਼ ਚੌਹਾਨ ਉਰਫ ਰੌਕੀ ਵਾਸੀ ਔੜ ਨੇ ਸਥਾਨਕ ਸਾਥੀਆਂ ਨਾਲ ਮਿਲੀਭੁਗਤ ਕਰਕੇ ਆਪਣੇ ਭੇਜੇ ਹੋਏ ਸ਼ੂਟਰਾਂ ਕੋਲੋਂ ਕਰਵਾਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਕਾਸ਼ ਚੌਹਾਨ ਉਰਫ ਰੌਕੀ (ਅਮਰੀਕਾ), ਸ਼ਿਵਮ ਭਨੇਟ ਪੁੱਤਰ ਵਿਪਨ ਭਨੇਟ, ਗਣੇਸ਼ ਕੁਮਾਰ ਪੁੱਤਰ ਬਲਰਾਮ ਕੁਮਾਰ, ਸ਼ਰਨਜੀਤ ਪੁੱਤਰ ਜੋਨੀ ਬਾਬਾ, ਵਿਪਨ ਭਨੇਟ ਪੁੱਤਰ ਸ਼ਾਸਤਰੀ, ਸੁਰਿੰਦਰ ਕੁਮਾਰ ਉਰਫ ਜਿੰਦਾ ਪੁੱਤਰ ਟੇਕ ਚੰਦ, ਨਿਸ਼ਾ ਪਤਨੀ ਸੁਰਿੰਦਰ ਕੁਮਾਰ, ਨੈਂਸੀ ਪੁੱਤਰੀ ਸੁਰਿੰਦਰ ਕੁਮਾਰ, ਜਸਵੰਤ ਕੁਮਾਰ ਉਰਫ ਸੋਨੂੰ ਨੰਬਰਦਾਰ ਪੁੱਤਰ ਜੋਗਿੰਦਰ ਰਾਮ (ਸਾਰੇ ਵਾਸੀਆਨ ਔੜ) ਅਤੇ ਪ੍ਰਦੀਪ ਕੁਮਾਰ ਉਰਫ ਮਾਹੀਆ ਪੁੱਤਰ ਗੇਜ ਵਾਸੀ ਗੜ੍ਹੱਪੜ੍ਹ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਸੁਰਿੰਦਰ ਕੁਮਾਰ ਦੀ ਪੁੱਤਰੀ ਨੈਂਸੀ, ਜੋ ਕਿ ਅਮਰੀਕਾ ਬੈਠੇ ਮੁਲਜ਼ਮ ਅਕਾਸ਼ ਚੌਹਾਨ ਦੀ ਸਕੀ ਭੈਣ ਹੈ, ਦੇ ਬਿਆਨਾਂ 'ਤੇ ਪਹਿਲਾਂ ਨਿਸ਼ਾਨ ਸਿੰਘ ਖ਼ਿਲਾਫ਼ ਇੱਕ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਅਕਾਸ਼ ਚੌਹਾਨ ਨੇ ਕੁਝ ਮਹੀਨੇ ਪਹਿਲਾਂ ਵੀ ਔੜ ਵਿਖੇ ਇੱਕ ਜਿੱਮ ਦੇ ਅੰਦਰ ਨਿਸ਼ਾਨ ਸਿੰਘ 'ਤੇ ਜਾਨਲੇਵਾ ਹਮਲਾ ਕਰਵਾਇਆ ਸੀ, ਜਿਸ ਵਿੱਚ ਉਹ ਬਚ ਗਿਆ ਸੀ। ਹੁਣ ਦੁਬਾਰਾ ਸਾਜ਼ਿਸ਼ ਤਹਿਤ ਦੋ ਅਣਪਛਾਤੇ ਸ਼ੂਟਰਾਂ ਨੂੰ ਭੇਜ ਕੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਔੜ ਦੇ ਐੱਸ.ਐੱਚ.ਓ. ਇੰਸਪੈਕਟਰ ਸੁਖਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਬਾਹਰ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਇਆ ਸੰਹਿਤਾ (BNS) ਦੀ ਧਾਰਾ 103(1), 61(2)B ਅਤੇ ਅਸਲਾ ਐਕਟ (Arms Act) ਦੀ ਧਾਰਾ 25-54-59 ਤਹਿਤ ਮੁਕੱਦਮਾ ਨੰਬਰ 18 ਦਰਜ ਕਰ ਲਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਫ਼ਰਾਰ ਮੁਲਜ਼ਮਾਂ ਅਤੇ ਸ਼ੂਟਰਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।