ਚੰਡੀਗੜ੍ਹ : ED ਅਤੇ ਸੁਖਪਾਲ ਸਿੰਘ ਖਹਿਰਾ ਵਿਚ ਖਿਚੋਤਾਣੀ ਜ਼ੋਰਾਂ ਉਤੇ ਹੋ ਗਈ ਹੈ। ਈਡੀ ਨੇ ਖਹਿਰਾ ਖਿਲਾਫ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪਿਛਲੇ ਕੁੱਝ ਮਹੀਨੇ ਪਹਿਲਾਂ ਹੀ ਈਡੀ ਨੇ ਸੁਖਪਾਲ ਖਹਿਰਾ ਦੇ ਘਰ ਛਾਪਾ ਮਾਰਿਆ ਸੀ ਉਦੋਂ ਤੋਂ ਹੀ ਈਡੀ ਖਹਿਰਾ ਦੇ ਮਗਰ ਪਈ ਹੋਈ ਹੈ। ਹੁਣ ਬੀਤੇ ਭਲਕੇ ਈਡੀ ਨੇ ਤਿੰਨ ਚੋਟੀ ਦੇ ਫ਼ੈਸ਼ਨ ਡੀਜ਼ਾਈਨਰਾਂ ਨੂੰ ਇਸੇ ਸਬੰਧੀ ਸੰਮਨ ਜਾਰੀ ਕੀਤਾ ਸੀ ਅਤੇ ਅੱਜ ਇਸ ਵਿਰੁਧ ਖਹਿਰਾ ਨੇ ਆਪਣਾ ਪ੍ਰਤੀਕਰਮ ਦਿਤਾ ਹੈ। ਦਰਅਸਲ ਬਾਲੀਵੁੱਡ ਦੇ ਤਿੰਨ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ, ਮਨੀਸ਼ ਮਲਹੋਤਰਾ ਤੇ ਰੀਤੂ ਕੁਮਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਤਿੰਨਾਂ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ। ਇਹ ਸੰਮਨ ਖਹਿਰਾ ਵਲੋਂ ਆਪਣੀ ਧੀ ਦੇ ਵਿਆਹ ‘ਤੇ ਕੀਤੀ ਖਰੀਦਦਾਰੀ ਸਬੰਧੀ ਭੇਜਿਆ ਗਿਆ ਹੈ। ਈਡੀ ਦਾ ਦੋਸ਼ ਹੈ ਕਿ ਪੰਜਾਬ ਕਾਂਗਰਸ ਨਾਲ ਸਬੰਧਤ ਵਿਧਾਇਕ ਖਹਿਰਾ ਨੇ ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਲੱਖਾਂ ਰੁਪਏ ਨਕਦ ਦਿੱਤੇ ਸਨ। ਮਨੀਸ਼ ਮਲਹੋਤਰਾ ਤੇ ਰਿਤੂ ਕੁਮਾਰ, ਤਿੰਨੋਂ ਹੀ ਇੰਡੀਅਨ ਫੈਸ਼ਨ ਇੰਡਸਟਰੀ ਦੇ ਵੱਡੇ ਨਾਮ ਹਨ ਤੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਡਿਜ਼ਾਈਨਰ ਕਪੜਿਆਂ ਵਿੱਚ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਦਿੱਲੀ ਦੇ ਈਡੀ ਹੈੱਡਕੁਆਰਟਰ ਵਿਖੇ ਤਲਬ ਕੀਤਾ ਗਿਆ ਹੈ। ਈਡੀ ਪੰਜਾਬ ਦੇ ਵਿਧਾਇਕ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਦੌਰਾਨ ਕੁਝ ਅਜਿਹੇ ਲੈਣ-ਦੇਣ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਈਡੀ ਨੇ ਤਿੰਨੋਂ ਫੈਸ਼ਨ ਡਿਜ਼ਾਈਨਰਾਂ ਨੂੰ ਤਲਬ ਕੀਤਾ ਹੈ।
ਈ. ਡੀ. ਦੀ ਇਸ ਕਾਰਵਾਈ ‘ਤੇ ਹੁਣ ਖਹਿਰਾ ਨੇ ਇਕ ਆਡੀਓ ਜਾਰੀ ਕਰ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਅੱਜ ਦੀਆਂ ਅਖਬਾਰਾਂ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਦੇਸ਼ ਦੀ ਇੰਨੀ ਵੱਡੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਕਿਸ ਤਰ੍ਹਾਂ ਚੁਣੇ ਹੋਏ ਵਿਅਕਤੀਆਂ ਮੁਤਾਬਕ ਕੁਝ ਵੀ ਊਲ-ਜਲੂਲ ਲਿਖ ਸਕਦੀ ਹੈ ਤੇ ਬੋਲ ਸਕਦੀ ਹੈ। ਇੰਨੀ ਜ਼ਿੰਮੇਵਾਰ ਏਜੰਸੀ ਦਾ ਇਹ ਕੰਮ ਨਹੀਂ ਹੋਣਾ ਚਾਹੀਦਾ।
ਫੈਸ਼ਨ ਡਿਜ਼ਾਈਨਰਾਂ ਨੂੰ ਸੰਮਨ ਭੇਜਣ 'ਤੇ ਖਹਿਰਾ ਨੇ ਕਿਹਾ, ‘ਮੈਂ ਸਾਲ 2016 ਦੀ ਫਰਵਰੀ ਮਹੀਨੇ ‘ਚ ਆਪਣੀ ਧੀ ਦਾ ਵਿਆਹ ਕੀਤਾ ਸੀ। ਉਸ ਵਿਆਹ ਨੂੰ ਲੈ ਕੇ ਮੇਰੇ ਪਰਿਵਾਰ ਨੇ ਕੁਝ ਕੱਪੜੇ ਬਣਵਾਏ ਸਨ। ਅਸੀਂ ਉਦੋਂ ਇਨ੍ਹਾਂ ਡਿਜ਼ਾਈਨਰਾਂ ਕੋਲੋਂ ਤਿੰਨ ਕੱਪੜੇ ਬਣਵਾਏ ਸਨ, ਭਾਵ ਤਿੰਨਾਂ ਡਿਜ਼ਾਈਨਰਾਂ ਕੋਲੋਂ ਇਕ-ਇਕ ਡਰੈੱਸ ਬਣਵਾਈ ਸੀ। ਇਹ ਸਾਰੀ ਖਰੀਦ ਲਗਭਗ 7 ਤੋਂ 8 ਲੱਖ ਰੁਪਏ ਦੀ ਸੀ।’ ਖਹਿਰਾ ਨੇ ਕੁਝ ਵੀ ਗਲਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣ ਕਾਰਨ ਉਸ ਨੂੰ ਕੇਂਦਰੀ ਏਜੰਸੀ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ਦੇ ਖ਼ਿਲਾਫ਼ ਮਾਮਲਾ 2015 ਦੇ ਫਾਜ਼ਿਲਕਾ ਨਸ਼ਾ ਤਸਕਰੀ ਨਾਲ ਸਬੰਧਤ ਹੈ, ਜਿਸ ’ਚ ਸੁਰੱਖਿਆ ਏਜੰਸੀਆਂ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰਾ ਕੋਲੋਂ 1800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁਟ, 2 ਹਥਿਆਰ, 26 ਜ਼ਿੰਦਾ ਕਾਰਤੂਸ, ਦੋ ਪਾਕਿਸਤਾਨੀ ਸਿਮ ਜ਼ਬਤ ਕੀਤੇ ਗਏ ਸਨ।