ਅੰਮ੍ਰਿਤਸਰ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ (ਕੁੱਲ 105) ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਲਈ ਚੋਣ ਸ਼ਡਿਊਲ ਜਾਰੀ ਕੀਤਾ ਗਿਆ ਹੈ ਜਿਸ ਤਹਿਤ 26 ਮਈ 2026 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੀਆਂ 3 ਨਗਰ ਕੌਂਸਲਾਂ ਜੰਡਿਆਲਾ ਗੁਰੁ, ਮਜੀਠਾ, ਰਮਦਾਸ ਅਤੇ 2 ਨਗਰ ਪੰਚਾਇਤਾਂ ਅਜਨਾਲਾ ਤੇ ਰਈਆ ਦੀ ਚੋਣ ਵੀ ਹੋਵੇਗੀ। ਇਨ੍ਹਾਂ 3 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਕੁੱਲ 67 ਵਾਰਡ ਹਨ ਜਿਨ੍ਹਾਂ ਵਿੱਚ 78 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਚੋਣਾਂ ਵਿੱਚ ਕੁੱਲ 65381 ਵੋਟਰ ਹਿੱਸਾ ਲੈਣਗੇ ਜਿਸ ਵਿੱਚ 33495 ਪੁਰਸ਼ ਵੋਟਰ, 31879 ਮਹਿਲਾ ਵੋਟਰ ਅਤੇ 7 ਵੋਟਰ ਤੀਸਰੇ ਲਿੰਗ ਦੇ ਸ਼ਾਮਲ ਹਨ। ਜ਼ਿਲ੍ਹਾ ਅੰਮ੍ਰਿਤਸਰ ਦੀਆਂ ਜਿਨ੍ਹਾਂ 5 ਨਗਰ ਕੌਂਸਲਾਂ/ਨਗਰ ਪੰਚਾਇਤਾਂ ਵਿੱਚ ਚੋਣਾਂ ਹੋ ਰਹੀਆਂ ਹਨ ਉਨ੍ਹਾਂ ਦੇ ਵਾਰਡਾਂ, ਪੋਲਿੰਗ ਸਟੇਸ਼ਨਾਂ ਅਤੇ ਵੋਟਰਾਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਜੰਡਿਆਲਾ ਗੁਰੁ ਵਿੱਚ ਕੁੱਲ 15 ਵਾਰਡ ਹਨ ਅਤੇ ਚੋਣਾਂ ਲਈ 26 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਜੰਡਿਆਲਾ ਗੁਰੁ ਵਿੱਚ ਕੁੱਲ ਵੋਟਰ 21180 ਹਨ ਜਿਨ੍ਹਾਂ ਵਿੱਚ 11037 ਪੁਰਸ਼ ਵੋਟਰ, 10140 ਮਹਿਲਾ ਵੋਟਰ ਅਤੇ 3 ਵੋਟਰ ਤੀਜਾ ਲਿੰਗ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਮਜੀਠਾ ਵਿੱਚ ਕੁੱਲ 13 ਵਾਰਡ ਹਨ ਅਤੇ ਚੋਣਾਂ ਲਈ 13 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਕੌਂਸਲ ਮਜੀਠਾ ਵਿੱਚ ਕੁੱਲ ਵੋਟਰ 13319 ਹਨ ਜਿਨ੍ਹਾਂ ਵਿੱਚ 6585 ਪੁਰਸ਼ ਵੋਟਰ ਅਤੇ 6734 ਮਹਿਲਾ ਵੋਟਰ ਹਨ। ਨਗਰ ਕੌਂਸਲ ਰਮਦਾਸ ਵਿੱਚ ਕੁੱਲ 11 ਵਾਰਡ ਹਨ ਅਤੇ ਚੋਣਾਂ ਲਈ 11 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਕੌਂਸਲ ਰਮਦਾਸ ਵਿੱਚ ਕੁੱਲ ਵੋਟਰ 4331 ਹਨ ਜਿਨ੍ਹਾਂ ਵਿੱਚ 2316 ਪੁਰਸ਼ ਵੋਟਰ ਅਤੇ 2015 ਮਹਿਲਾ ਵੋਟਰ ਹਨ। ਨਗਰ ਪੰਚਾਇਤ ਅਜਨਾਲਾ ਵਿੱਚ ਕੁੱਲ 15 ਵਾਰਡ ਹਨ ਅਤੇ ਚੋਣਾਂ ਲਈ 15 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਪੰਚਾਇਤ ਅਜਨਾਲਾ ਵਿੱਚ ਕੁੱਲ ਵੋਟਰ 15320 ਹਨ, ਜਿਨ੍ਹਾਂ ਵਿੱਚ 7767 ਪੁਰਸ਼ ਵੋਟਰ, 7551 ਮਹਿਲਾ ਵੋਟਰ ਅਤੇ 2 ਵੋਟਰ ਤੀਜਾ ਲਿੰਗ ਹਨ। ਨਗਰ ਪੰਚਾਇਤ ਰਈਆ ਵਿੱਚ ਕੁੱਲ 13 ਵਾਰਡ ਹਨ ਅਤੇ ਚੋਣਾਂ ਲਈ 13 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਪੰਚਾਇਤ ਰਈਆ ਵਿੱਚ ਕੁੱਲ ਵੋਟਰ 11231 ਹਨ, ਜਿਨ੍ਹਾਂ ਵਿੱਚ 5790 ਪੁਰਸ਼ ਵੋਟਰ, 5439 ਮਹਿਲਾ ਵੋਟਰ ਅਤੇ 2 ਵੋਟਰ ਤੀਜਾ ਲਿੰਗ ਹਨ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਸ਼ਡਿਊਲ ਮੁਤਾਬਕ ਇਨ੍ਹਾਂ ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰੀਕ੍ਰਿਆ 13.05.2026 (ਬੁੱਧਵਾਰ) (ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ) ਤੋਂ ਸ਼ੁਰੂ ਹੋ ਗਈ ਹੈ ਅਤੇ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 16.05.2026 (ਸ਼ਨੀਵਾਰ) ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 18.05.2026 (ਸੋਮਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19.05.2026 (ਮੰਗਲਵਾਰ) (ਦੁਪਹਿਰ 03:00 ਵਜੇ ਤੱਕ) ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਨਗਰ ਕੌਂਸਲ ਚੋਣਾਂ 26.05.2026 (ਮੰਗਲਵਾਰ) ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਕਰਵਾਈਆਂ ਜਾਣਗੀਆਂ। ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ 29.05.2026 (ਸ਼ੁੱਕਰਵਾਰ) ਨੂੰ ਸਥਾਪਿਤ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਯਕੀਨੀ ਬਣਾਉਣ ਲਈ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ।