ਦੇਵੀਗੜ੍ਹ : ਘੜਾਮ ਰੋਡ ਸਥਿਤ ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ 'ਮਾਂ ਦਿਵਸ' ਬਹੁਤ ਹੀ ਉਤਸ਼ਾਹ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਮਾਂ ਦੀ ਮਮਤਾ ਅਤੇ ਉਸ ਦੇ ਤਿਆਗ ਨੂੰ ਸਤਿਕਾਰ ਭੇਂਟ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਮਾਂ ਦੇ ਸਤਿਕਾਰ ਵਿੱਚ ਕਵਿਤਾਵਾਂ, ਗੀਤ ਅਤੇ ਭਾਸ਼ਣ ਪੇਸ਼ ਕੀਤੇ ਗਏ। ਛੋਟੇ ਬੱਚਿਆਂ ਨੇ ਸੁੰਦਰ ਕਾਰਡ ਬਣਾ ਕੇ ਆਪਣੀਆਂ ਮਾਵਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਸਕੂਲ ਦੇ ਚੇਅਰਮੈਨ ਸ੍ਰ. ਹਰਦੀਪ ਸਿੰਘ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ ਰੱਬ ਦਾ ਦੂਜਾ ਰੂਪ ਹੈ ਅਤੇ ਉਸ ਦਾ ਸਾਡੇ ਜੀਵਨ ਵਿੱਚ ਬਹੁਤ ਅਹਿਮ ਮਹੱਤਵ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਆਪਣੇ ਸੰਸਕਾਰਾਂ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸਕੂਲ ਦੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਕਿਹਾ ਕਿ ਬੱਚੇ ਦੀ ਪਹਿਲੀ ਗੁਰੂ ਮਾਂ ਹੁੰਦੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੇ ਦੱਸੇ ਹੋਏ ਨੇਕ ਰਾਹ 'ਤੇ ਚੱਲਣ।