ਅੰਮ੍ਰਿਤਸਰ : ਸਥਾਨਕ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ 'ਮਾਂ ਦਿਵਸ' (Mother's Day) ਬਹੁਤ ਹੀ ਉਤਸ਼ਾਹ ਅਤੇ ਭਾਵੁਕਤਾ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਂ ਦੀ ਮਹੱਤਤਾ ਅਤੇ ਸਮਾਜ ਵਿੱਚ ਉਸ ਦੇ ਅਹਿਮ ਸਥਾਨ ਤੋਂ ਜਾਣੂ ਕਰਵਾਉਣਾ ਸੀ।
ਸਮਾਗਮ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਬਹੁਤ ਹੀ ਭਾਵਪੂਰਤ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ "ਮਾਂ ਰੱਬ ਦਾ ਦੂਜਾ ਰੂਪ ਹੈ" ਅਤੇ ਉਹ ਇੱਕ ਅਜਿਹੀ ਸ਼ਖ਼ਸੀਅਤ ਹੈ ਜਿਸ ਦੀ ਬਦੌਲਤ ਅਸੀਂ ਇਸ ਸੁੰਦਰ ਦੁਨੀਆਂ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮਾਂ ਆਪ ਤਕਲੀਫ਼ਾਂ ਸਹਿ ਕੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਹਮੇਸ਼ਾ ਤਤਪਰ ਰਹਿੰਦੀ ਹੈ, ਇਸ ਲਈ ਹਰ ਬੱਚੇ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਮਾਂ ਦਾ ਦਿਲੋਂ ਸਤਿਕਾਰ ਕਰੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰੇ।
ਇਸ ਮੌਕੇ ਵਿਦਿਆਰਥੀਆਂ ਦੇ ਅੰਦਰੂਨੀ ਹੁਨਰ ਨੂੰ ਉਭਾਰਨ ਲਈ ਮਾਂ ਨਾਲ ਸੰਬੰਧਤ ਕਾਰਡ ਮੇਕਿੰਗ ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਿੱਸਾ ਲੈਂਦਿਆਂ ਆਪਣੀਆਂ ਕਲਾਕ੍ਰਿਤੀਆਂ ਅਤੇ ਕਵਿਤਾਵਾਂ ਰਾਹੀਂ ਮਾਂ ਪ੍ਰਤੀ ਆਪਣਾ ਪਿਆਰ ਪ੍ਰਗਟਾਇਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਮਾਂ ਦੀ ਮਮਤਾ 'ਤੇ ਅਧਾਰਿਤ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ, ਜਿਸ ਨੇ ਮਾਹੌਲ ਨੂੰ ਬਹੁਤ ਹੀ ਭਾਵੁਕ ਬਣਾ ਦਿੱਤਾ।ਇਨ੍ਹਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਪ੍ਰੋ. ਨਵਜੋਤ ਕੌਰ ਅਤੇ ਪ੍ਰੋ. ਮਨਦੀਪ ਕੌਰ (ਇਤਿਹਾਸ ਵਿਭਾਗ) ਨੇ ਨਿਭਾਈ।
ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਜਤਿੰਦਰ ਕੌਰ, ਪ੍ਰੋ. ਮਨਦੀਪ ਕੌਰ (ਪੰਜਾਬੀ ਵਿਭਾਗ) ਅਤੇ ਸਮੂਹ ਸਟਾਫ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਗੁਰਜੰਟ ਸਿੰਘ ਨੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਉਂਦਿਆਂ ਸਮਾਗਮ ਦੀ ਲੜੀ ਨੂੰ ਜਾਰੀ ਰੱਖਿਆ।
ਸਮਾਗਮ ਦੇ ਅਖੀਰ ਵਿੱਚ ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਪਵਨਪ੍ਰੀਤ ਕੌਰ ਸਮੇਤ ਸਮੁੱਚੇ ਸਟਾਫ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਹ ਦਿਹਾੜਾ ਵਿਦਿਆਰਥੀਆਂ ਲਈ ਮਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਉਣ ਦਾ ਇੱਕ ਯਾਦਗਾਰ ਮੌਕਾ ਹੋ ਨਿਬੜਿਆ।