ਨਵਾਂਸ਼ਹਿਰ : ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵੱਲੋਂ ਜ਼ਿਲ੍ਹਾ ਐਸੋਸੀਏਸ਼ਨ ਨੂੰ ਮੁੜ ਸਰਗਰਮ ਕਰਨ ਦੇ ਉਦੇਸ਼ ਨਾਲ ਐਸ.ਓ.ਈ. ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸ. ਉਂਕਾਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਉਂਕਾਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਹੱਥੀਂ ਕੰਮ ਕਰਨ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ, ਜਿਸ ਵਿੱਚ ਸਕਾਊਟਿੰਗ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੱਸਿਆ ਕਿ ਸਕਾਊਟਿੰਗ ਨਾਲ ਜੁੜੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਅਤੇ ਨੌਕਰੀਆਂ ਵਿੱਚ ਵੀ ਵਿਸ਼ੇਸ਼ ਅੰਕਾਂ ਦੀ ਸਹੂਲਤ ਮਿਲਦੀ ਹੈ। ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੂਲਾਂ ਵਿੱਚ ਇਹ ਯੂਨਿਟ ਲਾਗੂ ਕਰਨ ਅਤੇ ਅਧਿਆਪਕਾਂ ਨੂੰ ਬੇਸਿਕ ਕੋਰਸ ਕਰਵਾਉਣ।
ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ ਸ਼ਰਮਾ ਨੇ ਵੀ ਸਕੂਲ ਮੁਖੀਆਂ ਨੂੰ ਇਸੇ ਵਿਦਿਅਕ ਸੈਸ਼ਨ ਤੋਂ ਸਕਾਊਟਿੰਗ ਯੂਨਿਟ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ. ਉਂਕਾਰ ਸਿੰਘ ਦਾ ਜ਼ਿਲ੍ਹਾ ਯੂਨਿਟ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀ.ਐਸ.ਜੀ. ਟੀਮ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।