ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਡੇਂਗੂ ਬੁ਼ਖਾਰ ਦੀ ਰੋਕਥਾਮ ਲਈ ਜ਼ਿਲ੍ਹਾ ਸਿਹਤ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਤਾਲਮੇਲ ਸਦਕਾ ਅਪ੍ਰੈਲ ਮਹੀਨੇ ਤੋਂ ਮੱਛਰ-ਮਾਰ ਦਵਾਈ ਦਾ ਛਿੜਕਾਅ ਲਗਾਤਾਰ ਜਾਰੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਦਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਡੇਂਗੂ ਬੁਖ਼ਾਰ ਦੀ ਰੋਕਥਾਮ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿਥੇ ਸਿਹਤ ਕਾਮਿਆਂ ਵਲੋਂ ਘਰ-ਘਰ ਜਾ ਕੇ ਕੰਟੇਨਰ ਸਰਵੇ ਕੀਤਾ ਜਾ ਰਿਹਾ ਹੈ, ਉਥੇ ਜ਼ਿਲ੍ਹੇ ਦੇ ਤਮਾਮ ਉੱਚ-ਜੋਖਮ ਖੇਤਰਾਂ ਅਤੇ ਹੋਰ ਇਲਾਕਿਆਂ ਵਿਚ ਮੱਛਰ-ਮਾਰ ਦਵਾਈ ਦਾ ਛਿੜਕਾਅ (ਫ਼ੌਗਿੰਗ) ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਟੀਮਾਂ ਦਵਾਈ ਦੇ ਛਿੜਕਾਅ ਲਈ ਆਉਂਦੀਆਂ ਹਨ ਤਾਂ ਟੀਮਾਂ ਨਾਲ ਪੂਰਾ ਸਹਿਯੋਗ ਕੀਤਾ ਜਾਵੇ ਅਤੇ ਘਰਾਂ ਦੇ ਦਰਵਾਜ਼ੇ ਤੇ ਤਾਕੀਆਂ ਖੁਲ੍ਹੇ ਰੱਖੇ ਜਾਣ ਤਾਕਿ ਦਵਾਈ ਅੰਦਰ ਦਾਖ਼ਲ ਹੋ ਕੇ ਪੂਰਾ ਅਸਰ ਕਰ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਮੱਛਰ-ਮਾਰ ਦਵਾਈ ਮੱਛਰ ਪੈਦਾ ਹੋਣ ਤੋਂ ਰੋਕਣ ਵਿਚ ਕਾਫ਼ੀ ਸਹਾਈ ਹੁੰਦੀ ਹੈ ਪਰ ਇਸ ਦੇ ਬਾਵਜੂਦ ਹਰ ਕਿਸੇ ਨੂੰ ਡੇਂਗੂ ਬੁ਼ਖਾਰ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਸਭ ਤੋਂ ਜ਼ਰੂਰੀ ਸਾਵਧਾਨੀ ਇਹੋ ਹੈ ਕਿ ਕਿਸੇ ਵੀ ਥਾਂ ਉਤੇ ਪਾਣੀ ਜਮ੍ਹਾਂ ਨਾ ਹੋਣ ਦਿਤਾ ਜਾਵੇ ਤਾਕਿ ਡੇਂਗੂ ਬੁ਼ਖ਼ਾਰ ਲਈ ਜਿ਼ੰਮੇਵਾਰ ਮੱਛਰ ਪੈਦਾ ਹੀ ਨਾ ਹੋ ਸਕੇ ਕਿਉਂਕਿ ਇਹ ਮੱਛਰ ਸਾਫ਼ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ।ਹੋਰ ਕਿਸੇ ਜਾਣਕਾਰੀ ਲਈ ਮੁਫ਼ਤ ਮੈਡੀਕਲ ਹੈਲਪਲਾਈਨ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੂਲਰ ਜ਼ਰੂਰ ਸਾਫ਼ ਕਰੋ
ਹਫ਼ਤੇ ਵਿਚ ਘੱਟੋ-ਘੱਟ ਇਕ ਵਾਰ ਕੂਲਰਾਂ ਅਤੇ ਫ਼ਰਿੱਜਾਂ ਦੀਆਂ ਟਰੇਆਂ ਨੂੰ ਖ਼ਾਲੀ ਕਰ ਕੇ ਸੁਕਾਓ। ਹਰ ਸ਼ੁਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਇਆ ਜਾਵੇ। ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ ਅਤੇ ਟੁੱਟੇ ਭੱਜੇ ਭਾਂਡਿਆਂ ਆਦਿ ਵਿਚ ਪਾਣੀ ਖੜਾ ਨਾ ਹੋਣ ਦਿਉ। ਪਾਣੀ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ