ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮੁੱਖ ਖੇਤੀਬਾੜੀ ਅਫਸਰ ਸੁਖਜਿੰਦਰ ਸਿੰਘ ਬਾਜਵਾ ਪਾਸੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2026 ਦੀਆਂ ਸਾਉਣੀ ਦੀਆਂ ਫਸਲਾਂ ਸੰਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕੈਂਪ ਮਿਤੀ 30 ਅਪ੍ਰੈਲ 2026 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਬਲਾਕ-ਸੀ, ਏਅਰਪੋਰਟ ਚੌਂਕ, ਮੋਹਾਲੀ ਵਿਖੇ ਸਵੇਰੇ 9:00 ਵਜੇ ਸ਼ੁਰੂ ਹੋਵੇਗਾ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ, ਐਸ.ਏ.ਐਸ. ਨਗਰ ਵੱਲੋਂ ਕੀਤਾ ਜਾਵੇਗਾ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਕੈਂਪ ਦੀ ਪ੍ਰਧਾਨਗੀ ਕਰਨਗੇ। ਇਸ ਕੈਂਪ ਵਿਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਸ੍ਰੀ ਕੁਲਵੰਤ ਸਿੰਘ ਐਮ.ਐਲ.ਏ. ਹਲਕਾ ਮੋਹਾਲੀ ਅਤੇ ਸ੍ਰੀ ਕੁਲਜੀਤ ਸਿੰਘ ਰੰਧਾਵਾ, ਐਮ.ਐਲ.ਏ. ਹਲਕਾ ਡੇਰਾਬਸੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ। ਕੈਂਪ ਦੌਰਾਨ ਕਿਸਾਨਾਂ ਨੂੰ ਖਰੀਫ ਦੀਆਂ ਫਸਲਾਂ ਬਾਰੇ ਨਵੀਆਂ ਤਕਨੀਕਾਂ, ਸਰਕਾਰੀ ਯੋਜਨਾਵਾਂ ਅਤੇ ਖੇਤੀਬਾੜੀ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਇਸ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹ ਨਵੀਂਆਂ ਤਕਨੀਕਾਂ ਅਤੇ ਯੋਜਨਾਵਾਂ ਦਾ ਲਾਭ ਲੈ ਸਕਣ।