ਭੁੱਚੋ ਮੰਡੀ : ਦ੍ਰਿਸ਼ਟੀ ਆਈ ਡੋਨੇਸ਼ਨ ਸੋਸਾਇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਪ੍ਰਧਾਨ ਮੋਤੀ ਸ਼ਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਆਉਣ ਵਾਲੇ 10 ਮਈ ਨੂੰ ਮਾਂ ਦਿਵਸ ਮਨਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਮੌਕੇ ਨੂੰ ਵਿਸ਼ੇਸ਼ ਢੰਗ ਨਾਲ ਮਨਾਉਣ ਲਈ ਵੱਖ-ਵੱਖ ਯੋਜਨਾਵਾਂ ਤਿਆਰ ਕੀਤੀਆਂ ਗਈਆਂ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਮਾਵਾਂ ਦੇ ਅਤੁੱਲ ਯੋਗਦਾਨ ਨੂੰ ਸਨਮਾਨਿਤ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਂ ਦਾ ਦਰਜਾ ਸੰਸਾਰ ਵਿੱਚ ਸਭ ਤੋਂ ਉੱਚਾ ਹੁੰਦਾ ਹੈ। ਮੀਤ ਪ੍ਰਧਾਨ ਪੰਕਜ ਅਰੋੜਾ, ਸਕੱਤਰ ਪਵਨ ਪੰਕਜ, ਕੈਸ਼ੀਅਰ ਵਿਨੋਦ ਮਿੱਤਲ ਟੋਨੀ ਅਤੇ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਰੰਗੀਲਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ, ਜੋ ਸਾਡੇ ਜੀਵਨ ਨੂੰ ਸਹੀ ਦਿਸ਼ਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਮਾਂ ਸਿਰਫ਼ ਸਾਨੂੰ ਜਨਮ ਹੀ ਨਹੀਂ ਦਿੰਦੀ, ਸਗੋਂ ਸਾਨੂੰ ਚੰਗੇ ਸੰਸਕਾਰ, ਸਿੱਖਿਆ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਵੀ ਦਿੰਦੀ ਹੈ। ਮਾਂ ਦੀ ਮਮਤਾ ਅਤੇ ਤਿਆਗ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ।
ਸੋਸਾਇਟੀ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਮਾਂ ਦਿਵਸ ਦੇ ਇਸ ਪਵਿੱਤਰ ਮੌਕੇ ‘ਤੇ ਉਹ ਮਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੇ ਤਿਆਗ, ਹਿੰਮਤ ਅਤੇ ਸਮਰਪਣ ਰਾਹੀਂ ਸਮਾਜ ਵਿੱਚ ਵਿਲੱਖਣ ਪਛਾਣ ਬਣਾਈ ਹੈ। ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕੀਤਾ ਜਾਵੇਗਾ।