ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ ਸਤਿੰਦਰਜੀਤ ਸਿੰਘ ਬਜਾਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੰਗਜ ਕੇਅਰ ਫਾਊਂਡੇਸ਼ਨ ਵੱਲੋਂ ਫੇਫੜਿਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਸਾਵਧਾਨੀਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਰਿਲੀਜ਼ ਕੀਤੇ ਗਏ। ਜਿਸ ਦੌਰਾਨ ਜਿਲਾ ਸਿਹਤ ਅਫਸਰ ਡਾ ਜਸਪਾਲ ਸਿੰਘ, ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ, ਸਟੇਟ ਪ੍ਰੋਜੈਕਟ ਕੋਆਰਡੀਨੇਟਰ ਡਾ ਸੋਨਾਲੀ ਵੋਹਰਾ ਅਤੇ ਡਾ ਰਾਹੁਲ ਅਰੋੜਾ ਮੌਜੂਦ ਸਨ। ਇਸ ਦੌਰਾਨ ਸਿਵਲ ਸਰਜਨ ਡਾ ਬਜਾਜ ਨੇ ਆਖਿਆ ਕਿ ਬਦਲਦੇ ਮੌਸਮ ਵਿੱਚ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਬਚਾਓ ਲਈ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਪ੍ਰਦੂਸ਼ਿਤ ਹਵਾ ਇੱਕ ਨੈਸ਼ਨਲ ਹੈਲਥ ਐਮਰਜਸੀ ਬਣਦੀ ਜਾ ਰਹੀ ਹੈ, ਜੋ ਕਿ ਜਿੰਦਗੀ ਲਈ ਘਾਤਕ ਸਿੱਧ ਹੋ ਰਹੀ ਹੈ। ਕਾਰਖਾਨਿਆਂ, ਫੈਕਟਰੀਆਂ, ਮੋਟਰ ਗੱਡੀਆਂ, ਬਾਲਣ ਅਤੇ ਪਰਾਲੀ ਦੇ ਨਾੜ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਹਵਾ ਦੇ ਪ੍ਰਦੂਸ਼ਣ ਵਿੱਚ ਬਹੁਤ ਸਾਰੀਆਂ ਹਾਨੀਕਾਰਕ ਗੈਸਾਂ ਉਤਪੰਨ ਹੋ ਜਾਂਦੀਆਂ ਹਨ, ਜਿੰਨਾਂ ਵਿੱਚ ਕਾਰਬਨ ਡਾਈਆਕਸਾਈਡ, ਸਲਫਰ ਆਕਸਾਈਡ, ਨਾਈਟ੍ਰੋਜਨ ਆਕਸਾਈਡ, ਕਾਰਬਨ ਮੋਨੋਆਕਸਾਈਡ, ਅਮੋਨੀਆ ਆਦਿ ਖਤਰਨਾਕ ਗੈਸਾਂ ਵਾਤਾਵਰਨ ਵਿੱਚ ਫੈਲਦੀਆਂ ਜਾਂਦੀਆਂ ਹਨ, ਜਿਸ ਨਾਲ ਉਜੋਨ ਦੀ ਪਰਤ ਦੇ ਵਿੱਚ ਪਾੜ ਪੈ ਰਹੇ ਹਨ ਅਤੇ ਭਾਰਤ ਦੇ ਬਹੁਤ ਸਾਰੇ ਰਾਜਾਂ ਦੇ ਏਅਰ ਕੁਆਲਿਟੀ ਇੰਡੈਕਸ ਦਾ ਪੱਧਰ ਦਿਨ ਬ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ ਪਰਾਲੀ ਦਾ ਨਾੜ ਸਾੜਨਾ ਇੱਕ ਗੰਭੀਰ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ। ਇਹਨਾਂ ਹਾਨੀਕਾਰਕ ਗੈਸਾਂ ਦਾ ਮਾੜਾ ਪ੍ਰਭਾਵ ਗਰਭਵਤੀ ਮਾਵਾਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਤੇ ਬਹੁਤ ਜਿਆਦਾ ਪੈਂਦਾ ਹੈ। ਇਸੇ ਕਰਕੇ ਲੰਗਸ ਕੇਅਰ ਫਾਊਂਡੇਸ਼ਨ ਵੱਲੋਂ ਇਹ ਟੀਚਾ ਮਿਥਿਆ ਗਿਆ ਹੈ ਕਿ ਉਹ ਭਾਰਤ ਦੇ ਲਗਭਗ 2.8 ਮਿਲੀਅਨ ਫੇਫੜਿਆਂ ਨੂੰ ਬਚਾਉਣ ਵਿੱਚ ਆਪਣਾ ਸਹਿਯੋਗ ਦੇਣਗੇ। ਇਸੇ ਮਕਸਦ ਨਾਲ ਇਹ ਜਾਗਰੂਕਤਾ ਪੋਸਟਰ ਰਿਲੀਜ਼ ਕੀਤੇ ਗਏ ਹਨ, ਜੋ ਕਿ ਲਗਭਗ ਹਰ ਸਿਹਤ ਸੰਸਥਾ ਵਿਖੇ ਲਗਾਏ ਜਾਣਗੇ। ਇਹਨਾਂ ਪੋਸਟਰਾਂ ਵਿੱਚ ਸਾਹ ਦੀਆਂ ਬਿਮਾਰੀਆਂ ਦੇ ਲੱਛਣ, ਸਾਵਧਾਨੀਆਂ ਅਤੇ ਬਚਾਓ ਦੇ ਸਾਰੇ ਢੰਗ ਤਰੀਕੇ ਦਰਸ਼ਾਏ ਗਏ ਹਨ ਤਾਂ ਜੋ ਸਮੇਂ ਸਿਰ ਸਾਹ ਦੀਆਂ ਬਿਮਾਰੀਆਂ ਦਾ ਪਤਾ ਚੱਲ ਸਕੇ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਆਸਾਨੀ ਹੋ ਸਕੇ।