ਕੋਟਕਪੂਰਾ : ਅੱਜ ਗੁਰਦੁਆਰਾ ਸਾਹਿਬ, ਗਲੀ ਨੰਬਰ 8 ਬਲਵੀਰ ਬਸਤੀ ਫ਼ਰੀਦਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਦੀ ਅਗਵਾਈ ’ਚ ਇਕਾਈ ਬਲਾਕ ਫ਼ਰੀਦਕੋਟ ਦਾ ਗਠਨ ਕੀਤਾ ਗਿਆ। ਇਸ ਮੌਕੇ ਬਲਾਕ ਕੋਟਕਪੂਰਾ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਭੁੱਲਰ, ਪੈ੍ਰਸ ਸਕੱਤਰ ਫਿਰੋਜ਼ਪੁਰ ਬਲਵਿੰਦਰ ਸਿੰਘ ਅਤੇ ਗੁਰਭੇਜ ਸਿੰਘ ਚੱਠਾ ਜ਼ਿਲ੍ਹਾ ਖਜਾਨਚੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਕਾਈ ਦੇ ਗਠਨ ਮੌਕੇ ਸਰਬਸੰਮਤੀ ਨਾਲ ਭਾਊ ਜਗਰਾਜ ਸਿੰਘ ਭੁੱਲਰ ਨੂੰ ਬਲਾਕ ਫ਼ਰੀਦਕੋਟ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਭਾਊ ਗੁਰਮੁੱਖ ਸਿੰਘ ਭੁੱਲਰ ਜਨਰਲ ਸਕੱਤਰ, ਸਤਪਾਲ ਸਿੰਘ ਭੁੱਲਰ ਸਲਾਹਕਾਰ ਅਤੇ ਸੁਰਜੀਤ ਸਿੰਘ ਢਿੱਲੋਂ ਨੂੰ ਖਜਾਨਚੀ ਵਜੋਂ ਚੋਣ ਕੀਤੀ ਗਈ। ਕਮੇਟੀ ਦੇ ਹੋਰ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਪ੍ਰਧਾਨ ਜਗਰਾਜ ਸਿੰਘ ਭੁੱਲਰ ਨੂੰ ਸੌਂਪੇ ਗਏ। ਇਸ ਮੌਕੇ ਜਸਪਾਲ ਸਿੰਘ, ਜਗਜੀਤ ਸਿੰਘ ਢਿੱਲੋਂ, ਲਖਪ੍ਰੀਤ ਸਿੰਘ, ਗੁਰਨਾਮ ਸਿੰਘ ਭੁੱਲਰ, ਗੁਰਮੀਤ ਸਿੰਘ ਭੁੱਲਰ, ਸ਼ਮਿੰਦਰਪਾਲ ਕੌਰ, ਸ਼ਿੰਦਰਪਾਲ ਕੌਰ, ਪਰਮਿੰਦਰ ਕੌਰ ਭੁੱਲਰ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ। ਇਸ ਮੌਕੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਵਲੋਂ ਲਗਾਤਾਰ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਦੁਕਾਨਦਾਰਾਂ ਦੀ ਲਾਮਬੰਦੀ ਕਰਕੇ ਭਾਰਤ-ਅਮਰੀਕਾ ਸਮਝੌਤੇ ਨੂੰ ਰੱਦ ਕਰਾਉਣ ਲਈ ਲੜਾਈ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ 2025 ਬਿਜਲੀ ਐਕਟ ਰੱਦ ਕਰਾਉਣ ਦੀ ਵੀ ਤਿਆਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ’ਚ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਅਤੇ ਜਿਹੜੇ ਸਮਾਰਟ ਮੀਟਰ ਘਰਾਂ ’ਚ ਲੱਗੇ ਹਨ ਉਨ੍ਹਾਂ ਨੂੰ ਉਤਾਰ ਕੇ ਬਿਜਲੀ ਘਰਾਂ ’ਚ ਜਮ੍ਹਾ ਕਰਵਾਏ ਜਾਣਗੇ। ਬਿਜਲੀ ਐਕਟ ਵਪਾਰਕ ਸਮਝੌਤੇ ’ਤੇ ਸਰਕਾਰ ਨੂੰ ਆਪਣੀ ਨੀਤੀ ਸਾਫ ਕਰਨੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਪਾਰਕ ਸਮਝੌਤੇ ਨੂੰ ਰੱਦ ਕਰਨਾ ਚਾਹੀਦਾ ਹੈ ਤੇ ਬਿਜਲੀ ਸਮਝੌਤੇ ਨੂੰ ਵੀ ਰੱਦ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਦਿਨਾਂ ’ਚ ਪਈ ਬਾਰਸ਼ ਤੇ ਗੜ੍ਹੇਮਾਰੀ ਕਾਰਨ ਜਿੰਨ੍ਹਾਂ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇ।