ਕੋਟਕਪੂਰਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਸਰਕਾਰੀ ਬਹੁ-ਤਕਨੀਕੀ ਕਾਲਜ, ਕੋਟਕਪੂਰਾ ਵਿਖੇ ਆਈ.ਆਈ.ਟੀ. ਰੋਪੜ ਦੇ ਸਹਿਯੋਗ ਨਾਲ ਸਥਾਪਿਤ ਸੀਪੀਐੱਸ (ਸਾਈਬਰ ਫ਼ਿਜ਼ੀਕਲ ਸਿਸਟਮ) ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਉਹੀ ਸਮਾਜ ਅਤੇ ਰਾਜ ਅੱਗੇ ਵਧਦੇ ਹਨ ਜਿਨ੍ਹਾਂ ਦਾ ਨੌਜਵਾਨ ਵਰਗ ਨਵੀਂ ਅਤੇ ਉਭਰਦੀ ਟੈਕਨੋਲੋਜੀ ਨਾਲ ਜੁੜਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸੀਪੀਐਸ ਲੈਬ ਆਈ ਆਈ ਟੀ ਰੋਪੜ ਵੱਲੋਂ ਕੀਤਾ ਗਿਆ ਇੱਕ ਮਹੱਤਵਪੂਰਨ ਅਤੇ ਦੂਰਦਰਸ਼ੀ ਉਪਰਾਲਾ ਹੈ, ਜਿਸ ਨਾਲ ਕੋਟਕਪੂਰਾ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਸ ਲੈਬ ਦੇ ਜ਼ਰੀਏ ਨੌਜਵਾਨ ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਤਿਆਰ ਕਰ ਸਕਣਗੇ, ਨਵੀਂ ਟੈਕਨੋਲੋਜੀ ਵਿੱਚ ਆਪਣਾ ਤਜਰਬਾ ਵਧਾ ਸਕਣਗੇ ਅਤੇ ਆਪਣੇ ਸਟਾਰਟਅਪ ਆਈਡੀਆਜ਼ ਨੂੰ ਹਕੀਕਤ ਵਿੱਚ ਬਦਲ ਸਕਣਗੇ। ਉਨ੍ਹਾਂ ਦੱਸਿਆ ਕਿ ਯੋਗ ਵਿਦਿਆਰਥੀਆਂ ਨੂੰ ਆਪਣੇ ਨਵੇਂ ਵਿਚਾਰਾਂ ਲਈ ਲਗਭਗ 5 ਲੱਖ ਰੁਪਏ ਤੱਕ ਦੀ ਆਰਥਿਕ ਸਹਾਇਤਾ ਵੀ ਉਪਲਬਧ ਕਰਵਾਈ ਜਾਵੇਗੀ। ਸਪੀਕਰ ਸੰਧਵਾਂ ਨੇ ਆਈ ਆਈ ਟੀ ਰੋਪੜ ਦੇ ਡਾਇਰੈਕਟਰ, ਲੈਬ ਨਾਲ ਜੁੜੀ ਟੀਮ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਪਰਾਲਾ ਨੌਜਵਾਨਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਟੈਕਨੋਲੋਜੀ ਅੱਜ ਦੇ ਯੁੱਗ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਜਿਸ ਸਮਾਜ ਕੋਲ ਤਕਨੀਕੀ ਗਿਆਨ ਹੁੰਦਾ ਹੈ, ਉਹੀ ਅੱਗੇ ਵਧਦਾ ਹੈ। ਇਸ ਲਈ ਲੋੜ ਹੈ ਕਿ ਸਾਡੇ ਨੌਜਵਾਨ ਨਵੀਂ ਸੋਚ ਅਤੇ ਨਵੀਨਤਾ ਨਾਲ ਅੱਗੇ ਆਉਣ। ਇਸ ਮੌਕੇ ਕਾਲਜ ਪ੍ਰਸ਼ਾਸਨ, ਅਧਿਆਪਕ, ਵਿਦਿਆਰਥੀ ਅਤੇ ਹੋਰ ਪਤਵੰਤ ਸ਼ਖਸੀਅਤਾਂ ਵੀ ਮੌਜੂਦ ਸਨ।