ਅੰਮ੍ਰਿਤਸਰ : ਪ੍ਰੀਤਲੜੀ ਕਰਕੇ ਪ੍ਰਸਿੱਧ ਹੋਏ ਅਤੇ ਅੰਮ੍ਰਿਤਸਰ ਵਿਖੇ ਪ੍ਰੀਤ ਨਗਰ ਵਸਾਉਣ ਵਾਲੇ ਅਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਸ: ਗੁਰਬਖਸ਼ ਸਿੰਘ ਦਾ 26 ਅਪ੍ਰੈਲ (ਐਤਵਾਰ) ਨੂੰ ਜਨਮ ਦਿਨ ਹੈ। ਉਸ ਦਿਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਮੁੱਖ ਦਫ਼ਤਰ ਪਟਿਆਲਾ ਤੋਂ ਪ੍ਰੀਤ ਨਗਰ ਤੱਕ ਇੱਕ ਵਿਸ਼ੇਸ ਪ੍ਰੀਤ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਅਮਰਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਯਾਤਰਾ ਵਿੱਚ ਵਿਭਾਗੀ ਟੀਮ ਤੋਂ ਇਲਾਵਾ ਪਟਿਆਲੇ ਅਤੇ ਰਸਤੇ ਦੇ ਸ਼ਹਿਰਾਂ ਫਤਿਹਗੜ੍ਹ ਸਾਹਿਬ, ਖੰਨਾ, ਲੁਧਿਆਣਾ, ਫਿਲੌਰ, ਫਗਵਾੜਾ, ਜਲੰਧਰ, ਬਿਆਸ, ਅੰਮ੍ਰਿਤਸਰ ਆਦਿ ਥਾਵਾਂ ਤੋਂ ਸਾਹਿਤਕਾਰ ਅਤੇ ਸਾਹਿਤ ਰਸੀਏ ਸ਼ਾਮਿਲ ਹੋ ਸਕਣਗੇ। ਪ੍ਰੀਤਨਗਰ ਵਿਖੇ ਪੰਜਾਬੀ ਸਾਹਿਤ ਅਤੇ ਕਲਾ ਦੀਆਂ ਵੱਡੀਆਂ ਸ਼ਖ਼ਸੀਅਤਾਂ ਨਾਲ ਸੰਬੰਧਿਤ ਯਾਦਗਾਰੀ ਥਾਵਾਂ ਅਤੇ ਚਿੰਨ੍ਹਾਂ ਨੂੰ ਦੇਖਿਆ-ਮਾਣਿਆ ਜਾਵੇਗਾ। ਸ. ਗੁਰਬਖਸ਼ ਸਿੰਘ ਦੇ ਸਪੁੱਤਰ ਸ. ਹਿਰਦੇਪਾਲ ਸਿੰਘ ਪ੍ਰੀਤਨਗਰ ਦੇ ਸੰਕਲਪ ਅਤੇ ਸਰਗਰਮੀਆਂ ਦੀਆਂ ਯਾਦਾਂ ਸਾਂਝੀਆਂ ਕਰਨਗੇ। ਉੱਘੇ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਵਿਸ਼ੇਸ਼ ਡਾਕੂਮੈਂਟਰੀ ਦਿਖਾਉਣਗੇ। ਸਹਾਇਕ ਡਾਇਰੈਕਟਰ ਸ੍ਰੀ ਅਮਰਿੰਦਰ ਸਿੰਘ ਨੇ ਦੱਸਿਆ ਕਿ ਸ. ਗੁਰਬਖਸ਼ ਸਿੰਘ ਦੀ ਪੰਜਾਬੀ ਜਨ-ਜੀਵਨ, ਰਹਿਣ-ਸਹਿਣ ਅਤੇ ਪੰਜਾਬੀ ਸੋਹਜ ਨੂੰ ਦੇਣ ਦੇ ਨਾਲ-ਨਾਲ ਉਹਨਾਂ ਦੀ ਵਾਰਤਕ ਬਾਰੇ ਡਾ. ਹਰਭਜਨ ਸਿੰਘ ਭਾਟੀਆ ਚਰਚਾ ਕਰਨਗੇ। ਯਾਤਰਾ ਲਈ ਵਿਸ਼ੇਸ਼ ਏ.ਸੀ. ਬੱਸ ਦਾ ਪ੍ਰਬੰਧ ਕੀਤਾ ਜਾਵੇਗਾ। ਸਭ ਦੇ ਆਉਣ ਜਾਣ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵਿਭਾਗ ਵੱਲੋਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਉਨ੍ਹਾਂ ਨਾਲ (ਸ੍ਰੀ ਅਮਰਿੰਦਰ ਸਿੰਘ ਸਹਾਇਕ ਡਾਇਰੈਕਟਰ) ਫੋਨ ਨੰ: 9041008888 ਅਤੇ ਡਾ. ਮਨਜਿੰਦਰ ਸਿੰਘ ਜ਼ਿਲ੍ਹਾ ਖੋਜ ਅਫ਼ਸਰ (ਫੋਨ ਨੰ: 9417583168) ਨਾਲ ਸੰਪਰਕ ਕਰਨ ਅਤੇ 24 ਅਪ੍ਰੈਲ ਸ਼ਾਮ ਤੋਂ ਪਹਿਲਾਂ ਆਪਣੇ ਨਾਮ ਰਜਿਸਟਰ ਕਰਵਾ ਲੈਣ ਤਾਂ ਕਿ ਸਮੇਂ ਸਿਰ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।