ਅੰਮ੍ਰਿਤਸਰ : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਵਲੋਂ ਸੂਬੇ ਭਰ ਵਿੱਚ ਨਵੀਆਂ ਸੜ੍ਹਕਾਂ ਬਣਾਉਣ ਦਾ ਕੰਮ ਵੱਡੀ ਪੱਧਰ ਤੇ ਚਲ ਰਿਹਾ ਹੈ ਅਤੇ 45 ਹਜ਼ਾਰ ਕਿਲੋਮੀਟਰ ਸੜ੍ਹਕਾਂ ਨਵੀਆਂ ਬਣਾਉਣ ਦੇ ਨਾਲ ਪੁਰਾਣੀਆਂ ਸੜ੍ਹਕਾਂ ਨੂੰ ਮਜ਼ਬੂਤ ਤੇ ਚੋੜਾ ਵੀ ਕੀਤਾ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਜਮੀਨੀ ਪੱਧਰ ਤੇ ਪੁੱਜ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ ਵਿਖੇ ਤਕਰੀਬਨ 1 ਕਰੋੜ 73 ਲੱਖ 82 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਖੇਡ ਸਟੇਡੀਅਮ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨਾਂ ਦੱਸਿਆ ਕਿ ਇਸ ਸਟੇਡੀਅਮ ਦਾ ਕੰਮ 25 ਨਵੰਬਰ 2025 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੇ ਕੰਮ ਜੂਨ 2026 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਆਧੁਨਿਕ ਖੇਡ ਸਟੇਡੀਅਮ ਵਿੱਚ ਫੁੱਟਬਾਲ, ਹੈਂਡਬਾਲ ਅਤੇ ਵਾਲੀਬਾਲ ਵਰਗੀਆਂ ਖੇਡਾਂ ਲਈ ਮਜ਼ਬੂਤ ਮੈਦਾਨ, ਜੋਗਿੰਗ ਟਰੈਕ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਨੌਜਵਾਨਾਂ ਵਿੱਚ ਸਿਹਤਮੰਦ ਸੋਚ ਅਤੇ ਸ਼ਰੀਰਕ ਤੰਦਰੁਸਤ ਰਹੇਗਾ। ਇਸ ਤੋਂ ਉਪਰੰਤ, ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੰਮ੍ਰਿਤਸਰ-ਮਹਿਤਾ ਰੋਡ ਤੋਂ ਮਹਿਤਾ-ਬਿਆਸ ਰੋਡ (ਵਾਇਆ ਦਮਦਮੀ ਟਕਸਾਲ ਗੁਰਦੁਆਰਾ ਸਾਹਿਬ, ਮਹਿਤਾ ਪਿੰਡ) ਤੱਕ ਸੜਕ ਦੇ ਕੀਤੇ ਗਏ ਸਪੈਸ਼ਲ ਰਿਪੇਅਰ ਕੰਮ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਲਗਭਗ 58.49 ਲੱਖ ਰੁਪਏ ਦੀ ਲਾਗਤ ਨਾਲ ਇਸ ਸੜਕ ਦੀ ਮੁਰੰਮਤ ਦਾ ਕੰਮ ਸਪੈਸ਼ਲ ਰਿਪੇਅਰ ਸਕੀਮ ਫੰਡਾਂ ਅਧੀਨ ਸਫਲਤਾਪੂਰਵਕ ਚਲ ਰਿਹਾ ਹੈ ਅਤੇ ਜਲਦ ਹੀ ਇਹ ਮੁਕੰਮਲ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਸੜਕ ਦੀ ਕੁੱਲ ਲੰਬਾਈ 3.28 ਕਿਲੋਮੀਟਰ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੀ ਹੈ ਅਤੇ ਖੇਤਰ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ। ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਪਿੰਡ ਜਾਂ ਆਸ-ਪਾਸ ਕੋਈ ਸੜਕ ਬਣ ਰਹੀ ਹੈ ਤਾਂ ਉਹ ਇਸ ਦੀ ਕੁਆਲਟੀ ਦਾ ਜ਼ਰੂਰ ਧਿਆਨ ਰੱਖਣ। ਜੇਕਰ ਕਿਸੇ ਨੂੰ ਸੜਕ ਦੀ ਗੁਣਵਤਾ ਵਿੱਚ ਕੋਈ ਕਮੀਂ ਲੱਗੇ ਤਾਂ ਉਹ ਤੁਰੰਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਜਾਂ ਆਪਣੇ ਵਿਧਾਇਕ ਦੇ ਧਿਆਨ ਵਿੱਚ ਲਿਆ ਸਕਦੇ ਹਨ। ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਹੀ ਸੜਕਾਂ ਦੀ ਗੁਣਵਤਾ ਨੂੰ ਚੈੱਕ ਕਰਨ ਲਈ ਫਲਾਇੰਗ ਸੁਕੈਅਡ ਗਠਿਤ ਕੀਤਾ ਗਿਆ ਹੈ ਜੋ ਸਮੇਂ-ਸਮੇਂ ਸੜਕਾਂ ਦੀ ਕੁਆਲਟੀ ਚੈੱਕ ਕਰਦਾ ਹੈ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਵੱਲੋਂ ਵੀ ਵਿਭਾਗੀ ਤੌਰ `ਤੇ ਅਜਿਹੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕੈਬਨਿਟ ਮੰਤਰੀ ਸ: ਈ.ਟੀ.ਓ. ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਕਾਸ ਦੇ ਮੁੱਦੇ ਨੂੰ ਲੈ ਕੇ ਜਾਵੇਗੀ ਅਤੇ ਮੁੜ 2027 ਵਿੱਚ ਆਪਣੀ ਸਰਕਾਰ ਬਣਾਵੇਗੀ। ਉਨਾਂ ਕਿਹਾ ਕਿ ਸਾਡੀ ਸਰਕਾਰ ਨੇ ਲੋਕਾਂ ਨਾਲ ਜੋ ਗਰੰਟੀਆਂ ਕੀਤੀਆਂ ਸਨ ਉਸ ਤੋਂ ਵੱਧ ਗਰੰਟੀਆਂ ਨੂੰ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਜੀਰੋ ਟਾਲਰੈਂਸ ਦੀ ਨੀਤੀ ਤੇ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਭ੍ਰਿਸ਼ਟਾਚਾਰੀ ਜਾਂ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ