ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਅਤੇ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਆਯੋਜਿਤ ਦੋ ਦਿਨਾਂ ਰਾਜ ਪੱਧਰੀ ਰਾਸ਼ਟਰੀ ਸੇਵਾ ਯੋਜਨਾ (ਐਨ ਐਸ ਐਸ) ਸਮਾਗਮ ਦਾ ਸਮਾਪਨ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸ਼ਾਨਦਾਰ ਸਮਾਰੋਹ ਨਾਲ ਸਫਲਤਾਪੂਰਵਕ ਹੋਇਆ। ਇਹ ਸਮਾਗਮ ਨੌਜਵਾਨਾਂ ਦੀ ਭਾਗੀਦਾਰੀ ਅਤੇ ਸਮੁਦਾਇਕ ਸੇਵਾ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ।
ਇਸ ਸਮਾਗਮ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਰਾਜ ਐਨ ਐਸ ਐਸ ਅਧਿਕਾਰੀ, ਪ੍ਰੋਗਰਾਮ ਕੋਆਰਡੀਨੇਟਰ, ਪ੍ਰੋਗਰਾਮ ਅਧਿਕਾਰੀ, ਐਨਐਸਐਸ ਇਨਾਮੀ, ਵਲੰਟੀਅਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ। ਇਹ ਆਯੋਜਨ ਸੰਵਾਦ, ਸਹਿਯੋਗ ਅਤੇ ਵਧੀਆ ਤਜਰਬਿਆਂ ਦੇ ਆਦਾਨ-ਪ੍ਰਦਾਨ ਲਈ ਇੱਕ ਪ੍ਰਭਾਵਸ਼ਾਲੀ ਮੰਚ ਬਣਿਆ, ਜਿਸ ਦਾ ਉਦੇਸ਼ ਰਾਸ਼ਟਰ ਨਿਰਮਾਣ ਨੂੰ ਨਵੀਂ ਦਿਸ਼ਾ ਦੇਣਾ ਸੀ।
ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ. (ਡਾ.) ਆਰ. ਐਸ. ਬਾਵਾ, ਸਲਾਹਕਾਰ, ਕੁਲਪਤੀ, ਚੰਡੀਗੜ੍ਹ ਯੂਨੀਵਰਸਿਟੀ ਨੇ ਆਪਣੇ ਸੰਬੋਧਨ ਵਿੱਚ ਰਾਸ਼ਟਰੀ ਸੇਵਾ ਯੋਜਨਾ ਦੀ ਭੂਮਿਕਾ ਨੂੰ ਰੋਸ਼ਨ ਕਰਦਿਆਂ ਕਿਹਾ ਕਿ ਇਹ ਨੌਜਵਾਨਾਂ ਵਿੱਚ ਜ਼ਿੰਮੇਵਾਰ ਨਾਗਰਿਕਤਾ ਦੇ ਗੁਣ ਵਿਕਸਿਤ ਕਰਨ ਦਾ ਇੱਕ ਮਜ਼ਬੂਤ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਐਨ ਐਸ ਐਸ ਨੌਜਵਾਨਾਂ ਵਿੱਚ ਨਿਸ਼ਕਾਮ ਸੇਵਾ, ਅਨੁਸ਼ਾਸਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।
ਉਨ੍ਹਾਂ ਨੇ ਸਾਂਝੇ ਰਾਜ ਪੱਧਰੀ ਸਮਾਗਮ ਦੀ ਸ਼ਲਾਘਾ ਕਰਦਿਆਂ ਇਸਨੂੰ ਪੰਜਾਬ ਅਤੇ ਚੰਡੀਗੜ੍ਹ ਵਿਚਕਾਰ ਤਾਲਮੇਲ ਅਤੇ ਸਮੂਹਿਕ ਵਿਕਾਸ ਵੱਲ ਇੱਕ ਸਕਾਰਾਤਮਕ ਕਦਮ ਕਰਾਰ ਦਿੱਤਾ। ਉਨ੍ਹਾਂ ਨੌਜਵਾਨਾਂ ਨੂੰ “ਵਿਕਸਿਤ ਭਾਰਤ @ 2047” ਦੇ ਟੀਚੇ ਨੂੰ ਹਾਸਲ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਅਤੇ ਪ੍ਰੋਗਰਾਮ ਅਧਿਕਾਰੀਆਂ ਅਤੇ ਕੋਆਰਡੀਨੇਟਰਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਇਸ ਤੋਂ ਪਹਿਲਾਂ ਸਵਾਗਤ ਸੰਬੋਧਨ ਵਿੱਚ ਐਨ ਐਸ ਐਸ ਨੂੰ ਨੌਜਵਾਨ ਸਸ਼ਕਤੀਕਰਨ ਅਤੇ ਰਾਸ਼ਟਰ ਨਿਰਮਾਣ ਦਾ ਇੱਕ ਪ੍ਰਭਾਵਸ਼ਾਲੀ ਮੰਚ ਦੱਸਿਆ ਗਿਆ ਅਤੇ ਯੁਵਾ ਕਾਰਜ ਅਤੇ ਖੇਡ ਮੰਤਰਾਲਾ ਅਤੇ ਰਾਸ਼ਟਰੀ ਸੇਵਾ ਯੋਜਨਾ ਡਾਇਰੈਕਟੋਰੇਟ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ ਗਿਆ।
ਸਮਾਗਮ ਦੌਰਾਨ ਵੱਖ-ਵੱਖ ਮਾਹਿਰ ਸੈਸ਼ਨ, ਵਿਚਾਰ-ਵਟਾਂਦਰੇ, ਗਰੁੱਪ ਚਰਚਾਵਾਂ ਅਤੇ ਪੇਸ਼ਕਾਰੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਭਾਗੀਦਾਰਾਂ ਨੇ ਆਪਣੀਆਂ ਉਪਲਬਧੀਆਂ ਦੀ ਸਮੀਖਿਆ ਕੀਤੀ, ਨਵੇਂ ਵਿਚਾਰ ਸਾਂਝੇ ਕੀਤੇ ਅਤੇ ਜ਼ਮੀਨੀ ਪੱਧਰ ‘ਤੇ ਐਨ ਐਸ ਐਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਹੱਤਵਪੂਰਨ ਸੁਝਾਅ ਦਿੱਤੇ।
ਸਮਾਪਨ ਮੌਕੇ ਰਾਸ਼ਟਰੀ ਸੇਵਾ ਯੋਜਨਾ ਖੇਤਰੀ ਨਿਰਦਾਸ਼ਾਲਾ, ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਜੈ ਭਗਵਾਨ ਨੇ ਸਮਾਗਮ ਦੀ ਸਫਲਤਾ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੋ ਦਿਨਾਂ ਦਾ ਪ੍ਰੋਗਰਾਮ ਸਰਗਰਮ ਭਾਗੀਦਾਰੀ, ਅਰਥਪੂਰਨ ਚਰਚਾਵਾਂ ਅਤੇ ਪ੍ਰਭਾਵਸ਼ਾਲੀ ਨਤੀਜਿਆਂ ਨਾਲ ਭਰਪੂਰ ਰਿਹਾ, ਜੋ ਸਾਰੇ ਭਾਗੀਦਾਰਾਂ ਲਈ ਬਹੁਤ ਹੀ ਲਾਭਦਾਇਕ ਅਤੇ ਪ੍ਰੇਰਣਾਦਾਇਕ ਸਾਬਤ ਹੋਇਆ।
ਸਮਾਗਮ ਦੌਰਾਨ ਪ੍ਰਾਪਤ ਸੁਝਾਅ ਅਤੇ ਸਿਫਾਰਸ਼ਾਂ ਨੂੰ ਰਾਸ਼ਟਰੀ ਸੇਵਾ ਯੋਜਨਾ ਡਾਇਰੈਕਟੋਰੇਟ, ਯੁਵਾ ਕਾਰਜ ਅਤੇ ਖੇਡ ਮੰਤਰਾਲਾ ਨੂੰ ਭੇਜਿਆ ਜਾਵੇਗਾ, ਤਾਂ ਜੋ ਐਨ ਐਸ ਐਸ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਸਮਾਗਮ ਦਾ ਸਮਾਪਨ ਰਾਸ਼ਟਰੀ ਸੇਵਾ ਯੋਜਨਾ ਦੇ ਮੂਲ ਮੰਤਰ “ਮੈਂ ਨਹੀਂ, ਤੁਸੀਂ” ਦੇ ਸੰਦੇਸ਼ ਨਾਲ ਹੋਇਆ, ਜਿਸ ਨੇ ਨੌਜਵਾਨਾਂ ਵਿੱਚ ਨਿਸ਼ਕਾਮ ਸੇਵਾ ਅਤੇ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।