ਖਜ਼ਾਨਾ ਮੰਤਰੀ ਦੇ ਹਲਕੇ ਚ ਕੀਤਾ ਝੰਡਾ ਮਾਰਚ
ਸੁਨਾਮ : ਸਰਕਾਰੀ ਵਿਭਾਗਾਂ ਵਿੱਚ ਠੇਕਾ ਪ੍ਰਣਾਲੀ ਅਧੀਨ ਸੇਵਾਵਾਂ ਨਿਭਾਅ ਰਹੇ ਇਨਲਿਸਟਮੈਂਟ ਆਊਟਸੋਰਸ ਠੇਕਾ ਮੁਲਾਜਮਾਂ ਨੇ ਐਤਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਦੇ ਦਰਜਨਾਂ ਪਿੰਡਾਂ ਅੰਦਰ ਝੰਡਾ ਮਾਰਚ ਕੀਤਾ। ਸੂਬਾ ਭਰ ਤੋਂ ਆਏ ਸੁਨਾਮ ਦੀ ਨਵੀਂ ਦਾਣਾ ਮੰਡੀ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਠੇਕਾ ਮੁਲਾਜ਼ਮਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਲਛਮਣ ਸਿੰਘ ਧੂਰੀ, ਜਨਰਲ ਸਕੱਤਰ ਪਰਮਜੀਤ ਸਿੰਘ, ਅਮਰੀਕ ਸਿੰਘ ਅਤੇ ਵਰਿੰਦਰ ਮੋਮੀ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਦੀ ਸੂਰਤ ਵਿੱਚ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿਵਾਇਆ ਸੀ ਲੇਕਿਨ ਚਾਰ ਸਾਲ ਦੇ ਕਾਰਜਕਾਲ ਦੌਰਾਨ ਸੂਬੇ ਦੇ ਖਜ਼ਾਨਾ ਮੰਤਰੀ ਅਤੇ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਅਨੇਕਾਂ ਮੀਟਿੰਗਾਂ ਕੀਤੀਆਂ ਲੇਕਿਨ ਲਾਰਿਆਂ ਤੋਂ ਸਿਵਾਏ ਕੁੱਝ ਪੱਲੇ ਨਹੀਂ ਪਿਆ। ਉਨ੍ਹਾਂ ਸੂਬਾ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਅੱਜ ਠੇਕਾ ਮੁਲਾਜ਼ਮ ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਹਰਾ ਪੈੱਨ ਲੱਭਣ ਲਈ ਆਏ ਹਨ। ਬੁਲਾਰਿਆਂ ਨੇ ਆਖਿਆ ਕਿ ਸਰਕਾਰੀ ਵਿਭਾਗਾਂ ਵਿੱਚ ਹਜ਼ਾਰਾਂ ਮੁਲਾਜ਼ਮ ਠੇਕਾ ਪ੍ਰਣਾਲੀ ਦਾ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ 5 ਅਪ੍ਰੈਲ ਤੱਕ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ ਦੇ ਪਿੰਡਾਂ ਵਿਚ ਲਗਾਤਾਰ ਝੰਡਾ ਮਾਰਚ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਜੇਕਰ ਠੇਕਾ ਮੁਲਾਜ਼ਮ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਸਕਦੇ ਹਨ ਤਾਂ ਸਰਕਾਰ ਨੂੰ ਗੱਦੀਓਂ ਲਾਹ ਵੀ ਸਕਦੇ ਹਨ।