ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਲਖਨਊ ਵਿਖੇ ਕਰਵਾਈ 86ਵੀਂ ‘ਆਲ ਇੰਡੀਆ ਪ੍ਰੀਜ਼ਾਈਡਿੰਗ ਅਫਸਰ ਕਾਨਫਰੰਸ’ (ਏ.ਆਈ.ਪੀ.ਓ.ਸੀ.) ਵਿੱਚ ਹਿੱਸਾ ਲਿਆ। ਉੱਤਰ ਪ੍ਰਦੇਸ਼ ਵਿਧਾਨ ਸਭਾ ਵੱਲੋਂ ਕਰਵਾਈ ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਦੇਸ਼ ਭਰ ਦੀਆਂ ਵਿਧਾਨ ਸਭਾਵਾਂ ਅਤੇ ਵਿਧਾਨ ਪ੍ਰੀਸ਼ਦਾਂ ਦੇ ਮੋਹਰੀ ਮੈਂਬਰਾਂ ਨੇ ਹਿੱਸਾ ਲਿਆ।
ਇਸ ਕਾਨਫ਼ਰੰਸ ਦੌਰਾਨ ‘ ਸੁਚੱਜਾ ਪ੍ਰਸ਼ਾਸਨ’, ਲੋਕਤੰਤਰੀ ਸੰਸਥਾਵਾਂ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਅਤੇ ਵਿਧਾਨਕ ਕੰਮਕਾਜ ਵਿੱਚ ‘ਤਕਨਾਲੋਜੀ’ ਦੀ ਵੱਧ ਰਹੀ ਵਰਤੋਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਵਿਚਾਰ-ਵਟਾਂਦਰੇ ਅੱਜ ਦੇ ਡਿਜੀਟਲ ਯੁੱਗ ਵਿੱਚ ਲੋਕਤੰਤਰ ਨੂੰ ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ।
ਸਪੀਕਰ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਸਿੱਖਿਆ ਅਤੇ ਰਿਸਰਚ ਮੰਤਰੀ ਸ. ਬਲਦੇਵ ਸਿੰਘ ਔਲਖ ਨਾਲ ਵੀ ਇੱਕ ਸਕਾਰਾਤਮਕ ਅਤੇ ਰਚਨਾਤਮਕ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਖੇਤੀ ਜਗਤ ਦੀਆਂ ਮੌਜੂਦਾ ਚੁਣੌਤੀਆਂ ਅਤੇ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਸਪੀਕਰ, ਉਨ੍ਹਾਂ ਦੀ ਸਾਦਗੀ, ਦੂਰਦਰਸ਼ੀ ਸੋਚ ਅਤੇ ਖੇਤੀ ਮੁੱਦਿਆਂ ਪ੍ਰਤੀ ਗੰਭੀਰਤਾ ਤੋਂ ਬਹੁਤ ਪ੍ਰਭਾਵਿਤ ਹੋਏ। ਸਪੀਕਰ ਨੇ ਖੇਤੀਬਾੜੀ ਮੰਤਰੀ ਪ੍ਰਤੀ ਆਪਣਾ ਧੰਨਵਾਦ ਅਤੇ ਨਿੱਘਾ ਸਤਿਕਾਰ ਪ੍ਰਗਟ ਕੀਤਾ।