ਡੇਰਾਬੱਸੀ, (ਪੁਸ਼ਪਿੰਦਰ ਕੌਰ) : ਡੇਰਾਬੱਸੀ ਪੁਲਿਸ ਨੇ ਇੱਕ ਅਹਿਮ ਕਾਰਵਾਈ ਕਰਦਿਆਂ ਜ਼ੀਰਕਪੁਰ ਸਥਿਤ ਸਨਸ਼ਾਈਨ ਗਾਰਡਨ ਪੈਲੇਸ ਦਾ ਜਾਅਲੀ ਰੈਂਟ ਐਗਰੀਮੈਂਟ ਤਿਆਰ ਕਰਕੇ ਉਸਨੂੰ ਅਦਾਲਤ ਵਿੱਚ ਅਸਲ ਵਜੋਂ ਪੇਸ਼ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਐਸ.ਐਸ.ਪੀ. ਮੋਹਾਲੀ ਦੇ ਹੁਕਮਾਂ ਅਤੇ ਕਾਨੂੰਨੀ ਰਾਏ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਭੁਪਿੰਦਰਪਾਲ ਸਿੰਘ ਪੁੱਤਰ ਆਗਿਆਪਾਲ ਸਿੰਘ, ਵਾਸੀ ਮਕਾਨ ਨੰਬਰ 1559, ਸੈਕਟਰ 18-ਡੀ, ਚੰਡੀਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਜਸਦੇਵ ਸਿੰਘ ਕੋਛੜ ਨੇ ਇੱਕ ਸਾਜ਼ਿਸ਼ ਤਹਿਤ ਜਾਅਲੀ ਦਸਤਾਵੇਜ਼ ਤਿਆਰ ਕਰਵਾਏ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਜਸਦੇਵ ਸਿੰਘ ਕੋਛੜ ਨੇ ਗਵਾਹ ਮੋਹਿੰਦਰ ਸੋਲੰਕੀ (ਵਾਸੀ ਸੈਕਟਰ 40-ਏ, ਚੰਡੀਗੜ੍ਹ), ਲਖਵਿੰਦਰ ਸਿੰਘ (ਵਾਸੀ ਫੇਜ਼-3, ਮੋਹਾਲੀ), ਨੋਟਰੀ ਪਬਲਿਕ ਪ੍ਰਤਿਭਾ (ਡੇਰਾਬੱਸੀ) ਅਤੇ ਸਟੈਂਪ ਵੈਂਡਰ ਨਾਲ ਮਿਲੀਭੁਗਤ ਕਰਕੇ ਸਨਸ਼ਾਈਨ ਗਾਰਡਨ, ਜ਼ੀਰਕਪੁਰ ਦਾ ਜਾਅਲੀ ਰੈਂਟ ਐਗਰੀਮੈਂਟ ਤਿਆਰ ਕਰਵਾਇਆ। ਇਸ ਦਸਤਾਵੇਜ਼ ਨੂੰ ਅਸਲ ਦੱਸ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਸ਼ਿਕਾਇਤ ਦੀ ਗੰਭੀਰਤਾ ਨੂੰ ਦੇਖਦਿਆਂ ਐਸ.ਪੀ. ਵੱਲੋਂ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ ਡੀ.ਡੀ.ਏ. (ਲੀਗਲ) ਦੀ ਕਾਨੂੰਨੀ ਰਾਏ ਲੈਣ ਤੋਂ ਬਾਅਦ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ।
ਡੇਰਾਬੱਸੀ ਪੁਲਿਸ ਨੇ ਦੋਸ਼ੀ ਜਸਦੇਵ ਸਿੰਘ ਕੋਛੜ ਪੁੱਤਰ ਅਵਤਾਰ ਸਿੰਘ ਕੋਛੜ, ਵਾਸੀ ਮਕਾਨ ਨੰਬਰ 1945, ਸੈਕਟਰ 67, ਮੋਹਾਲੀ ਦੇ ਖ਼ਿਲਾਫ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ
319(2) (ਧੋਖਾਧੜੀ),
336(2) ਅਤੇ 336(3) (ਜਾਲਸਾਜ਼ੀ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ) ਅਤੇ
340(2) (ਜਾਅਲੀ ਦਸਤਾਵੇਜ਼ ਨੂੰ ਅਸਲ ਵਜੋਂ ਵਰਤਣਾ)
ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਨਾਮਜ਼ਦ ਦੋਸ਼ੀ ਇਸ ਵੇਲੇ ਫਰਾਰ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।