ਜਪਾਨ ਅਤੇ ਦੱਖਣੀ ਕੋਰੀਆ ਦੇ ਸਫ਼ਲ ਦੌਰਿਆਂ ਸਦਕਾ ਨਿਵੇਸ਼ਕਾਂ ਨੇ ਡੂੰਘੀ ਦਿਲਚਸਪੀ ਦਿਖਾਈ, ਐਮ.ਈ.ਏ ਵੱਲੋਂ ਵਿਦੇਸ਼ ਦੌਰੇ ਨੂੰ ਰੋਕਣ ਨਾਲ ਪੰਜਾਬ ਨੂੰ ਝੱਲਣਾ ਪਵੇਗਾ ਭਾਰੀ ਨੁਕਸਾਨ: ਸੰਜੀਵ ਅਰੋੜਾ
ਵਿਸ਼ਵਵਿਆਪੀ ਪਹੁੰਚ ਰਾਹੀਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣਾ ਯਕੀਨੀ ਬਣਾ ਰਹੇ ਹਾਂ; ਅਸੀਂ ਭਾਰਤ ਸਰਕਾਰ ਨੂੰ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹਾਂ: ਸੰਜੀਵ ਅਰੋੜਾ
ਐਮ.ਈ.ਏ.ਦਾ ਫ਼ੈਸਲਾ ਪੰਜਾਬ ਦੇ ਆਰਥਿਕ ਵਿਕਾਸ ਦੇ ਰਾਹ ਵਿੱਚ ਪਾਵੇਗਾ ਰੁਕਾਵਟ, ਪਰ ਅਸੀਂ ਹਿੰਮਤ ਨਹੀਂ ਛੱਡਾਂਗੇ ਅਤੇ ਪੰਜਾਬ ਦੀ ਤਰੱਕੀ ਲਈ ਨਿਰੰਤਰ ਕੰਮ ਕਰਦੇ ਰਹਾਂਗੇ: ਸੰਜੀਵ ਅਰੋੜਾ
ਚੰਡੀਗੜ੍ਹ : ਪੰਜਾਬ ਦੇ ਉਦਯੋਗ ਅਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਵੱਲੋਂ ਬਿਨਾਂ ਕੋਈ ਕਾਰਨ ਦੱਸੇ ਯੂਨਾਈਟਿਡ ਕਿੰਗਡਮ ਦੇ ਅਧਿਕਾਰਤ ਨਿਵੇਸ਼ ਆਊਟਰੀਚ ਦੌਰੇ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰਨਾ ਬੇਹੱਦ "ਮੰਦਭਾਗਾ ਅਤੇ ਨਿੰਦਣਯੋਗ" ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਫੈਸਲੇ ਨੇ ਪੰਜਾਬ ਦੇ ਵਿਸ਼ਵਵਿਆਪੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਆਪਣੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਦੇ ਯਤਨਾਂ 'ਤੇ ਮਾੜਾ ਪ੍ਰਭਾਵ ਪਾਇਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਵਿਦੇਸ਼ ਮੰਤਰਾਲਾ (ਐਮ.ਈ.ਏ.) ਉਨ੍ਹਾਂ ਦੇ ਵਿਦੇਸ਼ ਦੌਰੇ ਨੂੰ ਰੋਕਣ ਲਈ ਕੋਈ ਢੁਕਵਾਂ ਸਪੱਸ਼ਟੀਕਰਨ ਦੇਣ ਵਿੱਚ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਪਾਨ ਅਤੇ ਦੱਖਣੀ ਕੋਰੀਆ ਦੇ ਪਹਿਲਾਂ ਕੀਤੇ ਦੌਰਿਆਂ ਦੌਰਾਨ ਨਿਵੇਸ਼ਕਾਂ ਨੇ ਸੂਬੇ ਵਿੱਚ ਡੂੰਘੀ ਦਿਲਚਸਪੀ ਦਿਖਾਈ ਸੀ।
ਸੰਜੀਵ ਅਰੋੜਾ ਨੇ ਕਿਹਾ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਸ਼ਵਵਿਆਪੀ ਪਹੁੰਚ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਆਪਣੇ ਫੈਸਲੇ 'ਤੇ ਤੁਰੰਤ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਭਾਰਤ ਸਰਕਾਰ ਦਾ ਇਹ ਕਦਮ ਪੰਜਾਬ ਦੀਆਂ ਆਰਥਿਕ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਏਗਾ, ਪਰ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਲਈ ਅਣਥੱਕ ਯਤਨ ਕਰਨ ਤੋਂ ਪਿੱਛੇ ਨਹੀਂ ਹਟੇਗੀ।
ਇੱਕ ਬਿਆਨ ਵਿੱਚ, ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਯੂਨਾਈਟਿਡ ਕਿੰਗਡਮ ਅਤੇ ਇਜ਼ਰਾਈਲ ਦੇ ਪ੍ਰਸਤਾਵਿਤ ਅਧਿਕਾਰਤ ਦੌਰੇ ਨੂੰ ਰੱਦ ਕਰਨ ਦਾ ਕੋਈ ਢੁਕਵਾਂ ਜਾਂ ਸਪੱਸ਼ਟ ਕਾਰਨ ਨਹੀਂ ਦੱਸਿਆ। ਉਨ੍ਹਾਂ ਕਿਹਾ, "ਪਹਿਲਾਂ, ਅਸੀਂ ਇਸ ਰੱਦ ਕਰਨ ਦਾ ਸਹੀ ਕਾਰਨ ਜਾਣਨਾ ਚਾਹੁੰਦੇ ਹਾਂ। ਜੇਕਰ ਇਹ ਫੈਸਲਾ ਸਿਆਸੀ ਕਾਰਨਾਂ ਕਰਕੇ ਲਿਆ ਗਿਆ ਹੈ ਤਾਂ ਇਹ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗਾ ਹੈ।"
ਪੰਜਾਬ ਦੇ ਉਦਯੋਗ ਤੇ ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਨੇ ਅੱਗੇ ਕਿਹਾ ਕਿ ਸਾਡੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਸਫ਼ਲ ਰਹੇ, ਜਿਸ ਨਾਲ ਪੰਜਾਬ ਵਿੱਚ ਨਿਵੇਸ਼ਕਾਂ ਦੀ ਡੂੰਘੀ ਦਿਲਚਸਪੀ ਦੇਖਣ ਨੂੰ ਮਿਲੀ ਹੈ। ਇਹ ਨਿਵੇਸ਼ ਨਾ ਸਿਰਫ਼ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਹਨ, ਸਗੋਂ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਵੀ ਯੋਗਦਾਨ ਪਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ ਮੰਤਰਾਲੇ ਦਾ ਫੈਸਲਾ ਪੰਜਾਬ ਦੇ ਆਰਥਿਕ ਵਿਕਾਸ ‘ਤੇ ਮਾੜਾ ਪ੍ਰਭਾਵ ਪਾਵੇਗਾ, ਪਰ ਅਸੀਂ ਪਿੱਛੇ ਨਹੀਂ ਹਟਾਂਗੇ ਅਤੇ ਸੂਬੇ ਦੀ ਤਰੱਕੀ ਲਈ ਕੰਮ ਕਰਨ ਤੋਂ ਨਹੀਂ ਝਿਜਕਾਂਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਕਈ ਵਿਦੇਸ਼ੀ ਅਤੇ ਭਾਰਤੀ ਕੰਪਨੀਆਂ ਪੰਜਾਬ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਅਤੇ ਪੰਜਾਬ ਨਿਵੇਸ਼ਕਾਂ ਦਾ ਪਸੰਦੀਦਾ ਸਥਾਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਇਸ ਮਕਸਦ ਲਈ ਅਸੀਂ ਵਿਸ਼ਵਵਿਆਪੀ ਪਹੁੰਚ ਕਰ ਰਹੇ ਹਾਂ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ ਜਿਸ ਨਾਲ ਪੰਜਾਬ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਪੱਧਰਾ ਹੋਵੇਗਾ। ਉਨ੍ਹਾਂ ਭਾਰਤ ਸਰਕਾਰ ਨੂੰ ਵਿਦੇਸ਼ ਯਾਤਰਾ ਲਈ ਪ੍ਰਵਾਨਗੀ ਰੱਦ ਕਰਨ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ।
ਪੰਜਾਬ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਰਾਜ ਨੂੰ ਭਾਰਤ ਸਰਕਾਰ ਵੱਲੋਂ ਕਾਰੋਬਾਰ ਵਿੱਚ ਆਸਾਨੀ ਲਈ ਸਭ ਤੋਂ ਵਧੀਆ ਰਾਜਾਂ ਵਿੱਚੋਂ ਇੱਕ ਹੋਣ ਲਈ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਸਟਾਰਟ ਅੱਪ ਪਹਿਲਕਦਮੀਆਂ ਵਿੱਚ ਵੀ ਉੱਤਮਤਾ ਲਈ ਮਾਨਤਾ ਦੇਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਲ 2022 ਤੋਂ ਹੁਣ ਤੱਕ 1.5 ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਪ੍ਰਾਪਤ ਹੋਇਆ ਹੈ ਅਤੇ ਇਸ ਨਾਲ 5.2 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ।