ਸਿੱਖ ਰਹਿਤ ਮਰਿਆਦਾ ਤੇ ਗੁਰੂ ਕੀ ਗੋਲਕ ਬਾਰੇ ਟਿੱਪਣੀਆਂ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ : ਗੜਗੱਜ
15 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਚ ਪੇਸ਼ ਹੋ ਕੇ ਸਪਸ਼ਟੀਕਰਨ ਦੇਣਾ ਪਵੇਗਾ
ਸ਼੍ਰੀ ਅਕਾਲ ਤਖਤ ਸਾਹਿਬ : ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ’ਤੇ ਗੰਭੀਰ ਸਵਾਲ ਖੜੇ ਕਰਦਿਆਂ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਅਤੇ ਸਿੱਖ ਰਹਿਤ ਮਰਿਆਦਾ ਨੂੰ ਚੁਣੌਤੀ ਦੇਣਾ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਥੇਦਾਰ ਸਾਹਿਬ ਨੇ ਕਿਹਾ ਕਿ ਫੂਲਕਾ ਸਾਹਿਬ ਨਾਲ ਸੰਬੰਧਤ ਕੇਸਾਂ ਨੂੰ ਪੰਜਾਬ ਤੋਂ ਬਾਹਰ ਤਬਦੀਲ ਕੀਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਇਸ ਦਾ ਢੰਗ ਨਾਲ ਵਿਰੋਧ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਜਦੋਂ ਹਾਈਕੋਰਟ ਵੱਲੋਂ ਪੰਜਾਬ ਦੇ ਮਾਹੌਲ ਨੂੰ ਖਰਾਬ ਦੱਸਿਆ ਜਾਂਦਾ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਮਜ਼ਬੂਤੀ ਨਾਲ ਕਾਊਂਟਰ ਕਰੇ, ਨਾ ਕਿ ਚੁੱਪ ਰਹੇ। ਇਹ ਰਵੱਈਆ ਪੰਜਾਬ ਨੂੰ ਬਦਨਾਮ ਕਰਨ ਵਾਲਾ ਹੈ।
ਉਹਨਾਂ ਨੇ 2016–17 ਦੌਰਾਨ ਮੌੜ ਨੇੜੇ ਹੋਏ ਬੰਬ ਧਮਾਕੇ ਨੂੰ ਅੱਤਵਾਦੀ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਸੱਤ ਨਿਰਦੋਸ਼ ਲੋਕਾਂ ਦੀ ਜਾਨ ਗਈ, ਜਿਨ੍ਹਾਂ ਵਿੱਚ ਪੰਜ ਬੱਚੇ ਸਨ। ਜਥੇਦਾਰ ਗੜਗੱਜ ਨੇ ਦੱਸਿਆ ਕਿ ਉਹ ਖੁਦ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੇ ਹਨ ਅਤੇ ਅਜੇ ਤੱਕ ਰਿਪਨਦੀਪ ਸਿੰਘ ਨਾਂ ਦੇ ਨਾਬਾਲਗ ਬੱਚੇ ਦਾ ਸਕੂਲੀ ਬੈਗ ਉਸਦੇ ਮਾਪਿਆਂ ਵੱਲੋਂ ਸੰਭਾਲ ਕੇ ਰੱਖਿਆ ਗਿਆ ਹੈ, ਜਿਸਨੂੰ ਵੇਖ ਕੇ ਪਰਿਵਾਰ ਅੱਜ ਵੀ ਰੋ ਪੈਂਦਾ ਹੈ। ਉਨ੍ਹਾਂ ਕਿਹਾ ਕਿ ਐਨਆਈਏ ਜਾਂਚ ਅਤੇ ਖਟੜਾ ਕਮਿਸ਼ਨ ਦੀ ਰਿਪੋਰਟ ਦੇ ਬਾਵਜੂਦ ਦੋਸ਼ੀਆਂ ਨੂੰ ਅਜੇ ਤੱਕ ਗਿਰਫ਼ਤਾਰ ਨਹੀਂ ਕੀਤਾ ਗਿਆ।
ਜਥੇਦਾਰ ਸਾਹਿਬ ਨੇ ਬਰਗਾੜੀ ਬੇਅਦਬੀ ਮਾਮਲੇ ਅਤੇ ਹੋਰ ਸੰਬੰਧਤ ਕੇਸਾਂ ਵਿੱਚ ਵੀ ਸਰਕਾਰ ’ਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਦੋਸ਼ੀਆਂ ਨੂੰ ਪੰਜਾਬ ਵਿੱਚ ਪੇਸ਼ ਕਰਨ ਤੋਂ ਬਚਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਰਹਿਤ ਮਰਿਆਦਾ, ਗੁਰੂ ਕੀ ਗੋਲਕ ਅਤੇ ਦਸਵੰਧ ਦੀ ਪਰੰਪਰਾ ਬਾਰੇ ਕੀਤੀਆਂ ਗਈਆਂ ਟਿੱਪਣੀਆਂ ’ਤੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ। ਜਥੇਦਾਰ ਗੜਗੱਜ ਨੇ ਕਿਹਾ ਕਿ ਰਹਿਤ ਮਰਿਆਦਾ ਕਿਸੇ ਇਕ ਜਥੇਦਾਰ ਦੀ ਨਹੀਂ, ਸਗੋਂ ਪੂਰੇ ਪੰਥ ਦੀ ਬਣਾਈ ਹੋਈ ਹੈ, ਜਿਸਨੂੰ ਤਿਆਰ ਕਰਨ ਵਿੱਚ ਦਹਾਕਿਆਂ ਲੱਗੇ ਹਨ। ਗੋਲਕਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਸਿੱਖਾਂ ਦੀ ਸ਼ਰਧਾ ’ਤੇ ਸਿੱਧਾ ਹਮਲਾ ਹਨ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਨਾਲ ਜੁੜੀ ਇੱਕ ਵਿਵਾਦਿਤ ਵੀਡੀਓ ਸਬੰਧੀ ਸ਼ਿਕਾਇਤਾਂ ਅਕਾਲ ਤਖਤ ਸਾਹਿਬ ਕੋਲ ਪਹੁੰਚੀਆਂ ਹਨ, ਜਿਸ ਦੀ ਜਾਂਚ ਕਰਵਾਈ ਜਾਵੇਗੀ। ਇਸ ਸਾਰੇ ਪ੍ਰਸੰਗ ਨੂੰ ਦੇਖਦਿਆਂ ਮੁੱਖ ਮੰਤਰੀ ਨੂੰ ਨਿੱਜੀ ਤੌਰ ’ਤੇ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰਾਲੇ ਵਿੱਚ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਹੈ। ਜਥੇਦਾਰ ਸਾਹਿਬ ਨੇ ਸਪਸ਼ਟ ਕੀਤਾ ਕਿ ਅਕਾਲ ਤਖਤ ਸਾਹਿਬ ਕਿਸੇ ਰਾਜਨੀਤਿਕ ਦਬਾਅ ਅਧੀਨ ਨਹੀਂ, ਸਗੋਂ ਸਿੱਖ ਸਿਧਾਂਤਾਂ ਅਤੇ ਮਰਿਆਦਾ ਦੇ ਅਧੀਨ ਕੰਮ ਕਰਦਾ ਹੈ ਅਤੇ ਉਸ ਦੀ ਮਾਣ-ਮਰਿਆਦਾ ਦੀ ਰੱਖਿਆ ਕਰਨੀ ਪੰਥ ਦਾ ਫ਼ਰਜ਼ ਹੈ।