ਸੁਨਾਮ : ਕੈਂਸਰ ਵਰਗੀ ਭਿਆਨਕ ਬਿਮਾਰੀ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਯਤਨਸ਼ੀਲ ਸਮਾਜ ਸੇਵੀ ਸਾਈਕਲਿਸਟ ਮਨਮੋਹਨ ਸਿੰਘ ਦੇ ਵਿਸ਼ੇਸ਼ ਉਪਰਾਲੇ ਦੀ ਸੁਨਾਮ ਵਿੱਚ ਭਰਪੂਰ ਸਰਾਹਨਾ ਕੀਤੀ ਗਈ। ਮਨਮੋਹਨ ਸਿੰਘ ਨੇ 4 ਨਵੰਬਰ 2025 ਨੂੰ “ਕੈਂਸਰ ਮੁਕਤ ਭਾਰਤ ਅਭਿਆਨ” ਦੀ ਸ਼ੁਰੂਆਤ ਕਰਕੇ ਦੇਸ਼ ਭਰ ਵਿੱਚ ਸਿਹਤ ਜਾਗਰੂਕਤਾ ਦਾ ਸੰਦੇਸ਼ ਫੈਲਾਇਆ। ਇਸ ਮਹੱਤਵਪੂਰਨ ਸਾਈਕਲ ਯਾਤਰਾ ਦੌਰਾਨ ਉਹ ਦਿੱਲੀ ਦੇ ਗੋਲਡਨ ਕੋਰੀਡੋਰ ਤੋਂ ਚੱਲ ਕੇ ਮੁੰਬਈ, ਚੇਨਈ ਅਤੇ ਕੋਲਕਾਤਾ ਵਰਗੇ ਵੱਡੇ ਸ਼ਹਿਰਾਂ ਤੋਂ ਹੁੰਦੇ ਹੋਏ ਕੇਵਲ 32 ਦਿਨਾਂ ਵਿੱਚ ਤਕਰੀਬਨ 6300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੁੜ ਦਿੱਲੀ ਪਹੁੰਚੇ।
ਉਨ੍ਹਾਂ ਦੀ ਇਸ ਨਿਸ਼ਕਾਮ ਸਮਾਜ ਸੇਵਾ ਨੂੰ ਸਨਮਾਨ ਦਿੰਦਿਆਂ ਦੀ ਐਡਜ਼ ਓਵਰਸੀਜ਼ ਟੀਮ ਅਤੇ ਸਾਈਕਲਿੰਗ ਕਲੱਬ ਵੱਲੋਂ ਇਕ ਵਿਸ਼ੇਸ਼ ਸਮਾਗਮ ਦੌਰਾਨ ਮਨਮੋਹਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਮਨਮੋਹਨ ਸਿੰਘ ਇਸ ਤੋਂ ਪਹਿਲਾਂ ਵੀ ਕਈ ਪ੍ਰੇਰਣਾਦਾਇਕ ਸਾਈਕਲ ਯਾਤਰਾਵਾਂ ਰਾਹੀਂ ਆਪਣੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਦੀਆਂ ਪ੍ਰਮੁੱਖ ਯਾਤਰਾਵਾਂ ਵਿੱਚ ਵੋਟਰ ਜਾਗਰੂਕਤਾ ਅਭਿਆਨ ਪੰਜਾਬ, ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੀ ਯਾਤਰਾ, ਪੰਜ ਧਾਮ ਸਾਈਕਲ ਯਾਤਰਾ ਅਤੇ ਸੁਨਾਮ ਤੋਂ ਲੇਹ ਤੱਕ ਦਾ ਮੁਸ਼ਕਲ ਸਫ਼ਰ ਸ਼ਾਮਲ ਹੈ। ਕੈਂਸਰ ਬਾਰੇ ਸਮੇਂ ਸਿਰ ਜਾਣਕਾਰੀ ਅਤੇ ਸਚੇਤਤਾ ਪੈਦਾ ਕਰਨਾ ਹੀ ਇਸ ਬਿਮਾਰੀ ਨਾਲ ਲੜਨ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ। ਮਨਮੋਹਨ ਸਿੰਘ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਮਾਜ ਲਈ ਇੱਕ ਪ੍ਰੇਰਣਾ ਹੈ ਅਤੇ ਇਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ’ਤੇ ਸੰਜੀਵ ਗੁਗਲਾਨੀ, ਅਸ਼ਵਨੀ ਬੱਸੀ, ਵਿਕਾਸ ਬੰਸਲ, ਵਿਨੀਤ ਮਿੱਤਲ, ਵਿੱਕੀ ਜੌੜਾ ਅਤੇ ਦਮਨਜੀਤ ਸਿੰਘ ਬੰਟੀ (ਨੈਸ਼ਨਲ ਢਾਬਾ) ਸਮੇਤ ਹੋਰ ਸਨਮਾਨਿਤ ਹਸਤੀਆਂ ਹਾਜ਼ਰ ਸਨ।