ਸੁਨਾਮ : ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਫ਼ਰੰਗੀਆਂ ਤੋਂ ਬਦਲਾ ਲੈਣ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਸੁਨਾਮ ਵਿਖੇ ਸ਼ਹੀਦ ਦੇ ਮੁਹੱਲਾ ਪੀਲਵਾਦ ਵਿਖੇ ਸਥਿਤ ਜੱਦੀ ਘਰ ਵਿਖੇ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਅਮਨਬੀਰ ਸਿੰਘ ਚੈਰੀ, ਯੂਥ ਕਾਂਗਰਸ ਆਗੂ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ, ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਆਖਿਆ ਕਿ ਸ਼ਹੀਦ ਊਧਮ ਸਿੰਘ ਨੇ ਲੰਮੀ ਜੱਦੋਜਹਿਦ ਤੋਂ ਬਾਅਦ ਗੋਰਿਆਂ ਤੋਂ ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲਿਆ। ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸਿਰਫ਼ ਇੱਕ ਨਾਮ ਨਹੀਂ ਹੈ, ਸਗੋਂ ਹਿੰਮਤ ਦਾ ਪ੍ਰਤੀਕ ਹੈ ਜਿਸਨੇ ਵਿਸ਼ਵ ਪੱਧਰ 'ਤੇ ਗੁਲਾਮੀ ਦੀਆਂ ਜ਼ੰਜੀਰਾਂ ਨਾਲ ਜਕੜੇ ਦੇਸ਼ ਨੂੰ ਸਵੈ-ਮਾਣ ਬਹਾਲ ਕੀਤਾ। ਉਨ੍ਹਾਂ ਦੀ ਸ਼ਹਾਦਤ ਯੁੱਗਾਂ ਤੱਕ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਸ ਮੌਕੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਦੇ ਪ੍ਰਧਾਨ ਕਰਨੈਲ ਸਿੰਘ ਢੋਟ, ਸੈਕਟਰੀ ਬਲਜਿੰਦਰ ਸਿੰਘ ਕਾਕਾ ਠੇਕੇਦਾਰ, ਗੁਰਦਿਆਲ ਸਿੰਘ ਖਜਾਨਚੀ, ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਕੈਫ਼ੀ, ਜਸਪਾਲ ਸਿੰਘ ਪਾਲਾ, ਹਾਕਮ ਸਿੰਘ ਸਾਬਕਾ ਕੌਂਸਲਰ, ਠੇਕੇਦਾਰ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।