’ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ’: ਪ੍ਰੋ. ਸਰਚਾਂਦ ਸਿੰਘ ਖਿਆਲਾ
ਸੁਖਬੀਰ ਬਾਦਲ- ਹਰਸਿਮਰਤ ਬਾਦਲ ਦੀਆਂ ਪੋਸਟਾਂ ਅਤੇ ਦਿਲੀ ਸੈਮੀਨਾਰ- ਕੀ ਹੋਰ ਸਬੂਤ ਦੀ ਹੈ ਗੁੰਜਾਇਸ਼?
ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਹੈ ਕਿ ‘ਵੀਰ ਬਾਲ ਦਿਵਸ’ ਦੇ ਨਾਮ ਨੂੰ ਲੈ ਕੇ ਅਕਾਲੀ ਦਲ ਵੱਲੋਂ ਜਤਾਏ ਜਾ ਰਹੇ ਇਤਰਾਜ਼ ਦਾ ਝੂਠ ਉਸ ਦੀ ਆਪਣੀ ਲੀਡਰਸ਼ਿਪ ਦੇ ਪੁਰਾਣੇ ਬਿਆਨਾਂ, ਟਵੀਟਾਂ ਅਤੇ ਫੇਸਬੁੱਕ ਪੋਸਟਾਂ ਨਾਲ ਪੂਰੀ ਤਰ੍ਹਾਂ ਨੰਗਾ ਹੋ ਰਿਹਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਦੀ 14 ਨਵੰਬਰ 2019 ਦੀ ਟਵੀਟ ਤੋਂ ਬਾਅਦ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਉਸੇ ਤਾਰੀਖ਼ ਦੀ ਫੇਸਬੁੱਕ ਪੋਸਟ ਵੀ ਅਕਾਲੀ ਦਲ ਦੇ ਅੱਜ ਦੇ ਸਟੈਂਡ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ 14 ਨਵੰਬਰ 2019, ਜਦੋਂ ਦੇਸ਼ ਭਰ ਵਿੱਚ ਬਾਲ ਦਿਵਸ ਮਨਾਇਆ ਜਾ ਰਿਹਾ ਸੀ, ਉਸ ਦਿਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ’ਤੇ ਸਪਸ਼ਟ ਤੌਰ ’ਤੇ ਲਿਖਿਆ ਸੀ ਕਿ ’’ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ’ਬਾਲ ਦਿਵਸ’, ਪੀੜ੍ਹੀ ਦਰ ਪੀੜ੍ਹੀ ਸਚਾਈ, ਧਰਮ ਅਤੇ ਸੂਰਮਤਾਈ ਦੀ ਜੋਤ ਜਗਾਉਂਦਾ ਰਹੇਗਾ। ਉਨ੍ਹਾਂ ਨੇ ਨਾ ਸਿਰਫ਼ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ‘ਬਾਲ ਦਿਵਸ’ ਨਾਲ ਜੋੜਿਆ, ਸਗੋਂ #ChildrensDay ਵਰਗੇ ਹੈਸ਼ਟੈਗ ਵਰਤ ਕੇ ਇਸ ਵਿਚਾਰ ਨੂੰ ਖੁੱਲ੍ਹੀ ਅਤੇ ਜਨਤਕ ਹਮਾਇਤ ਵੀ ਦਿੱਤੀ।
ਇਸ ਤੋਂ ਪਹਿਲਾਂ ਪ੍ਰੋ. ਖਿਆਲਾ ਵੱਲੋਂ ਉਸੇ ਸਾਲ ਦੇ ਬਾਲ ਦਿਵਸ ਮੌਕੇ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਦਾ ਟਵੀਟ ਅਤੇ 16 ਜਨਵਰੀ 2018 ਨੂੰ ਦਿੱਲੀ ਵਿਖੇ ਦਿੱਲੀ ਕਮੇਟੀ ਵਲੋਂ ਕਰਾਏ ਗਏ ਸੈਮੀਨਾਰ ਵਿੱਚ, ਸੁਖਬੀਰ ਬਾਦਲ ਅਤੇ ਮਨਜੀਤ ਸਿੰਘ ਜੀ.ਕੇ. ਦੀ ਮੌਜੂਦਗੀ ਵਿੱਚ ‘ਬਾਲ ਦਿਵਸ’ ਦੀ ਖੁੱਲ੍ਹੀ ਵਕਾਲਤ ਨੂੰ ਪ੍ਰਮਾਣਿਕ ਸਬੂਤ ਨਾਲ ਸਿੱਧ ਕਰ ਚੁੱਕੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਇਹ ਸਿਰਫ਼ ਬਿਆਨਾਂ ਦਾ ਵਿਰੋਧਾਭਾਸ ਨਹੀਂ, ਸਗੋਂ ਸਿਆਸੀ ਸੁਵਿਧਾ ਅਨੁਸਾਰ ਇਤਿਹਾਸ ਨੂੰ ਮਰੋੜਣ ਦੀ ਸਚੇਤ ਕੋਸ਼ਿਸ਼ ਹੈ। ਇੱਕ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ 2019 ਵਿੱਚ ਖ਼ੁਦ ਬਾਲ ਦਿਵਸ ਨੂੰ ਛੋਟੇ ਸਾਹਿਬਜ਼ਾਦਿਆਂ ਨਾਲ ਜੋੜ ਰਹੀ ਸੀ, ਅਤੇ ਦੂਜੇ ਪਾਸੇ ਅੱਜ ਉਹੀ ਪਾਰਟੀ ‘ਵੀਰ ਬਾਲ ਦਿਵਸ’ ਦੇ ਨਾਮ ’ਤੇ ਭਰਮ ਅਤੇ ਗੁਮਰਾਹ ਪੈਦਾ ਕਰਨ ਵਿੱਚ ਲੱਗੀ ਹੋਈ ਹੈ।
ਪ੍ਰੋ. ਸਰਚਾਂਦ ਸਿੰਘ ਨੇ ਅਕਾਲੀ ਲੀਡਰਸ਼ਿਪ ਵੱਲੋਂ ‘ਬਾਲ ਦਿਵਸ’ ਦੀ ਖੁੱਲ੍ਹੀ ਵਕਾਲਤ ਸੰਬੰਧੀ ਸਰਵਜਨਕ ਦਸਤਾਵੇਜ਼ੀ ਸਬੂਤ ਜੁਟਾਉਂਦੇ ਹੋਏ ਕਿਹਾ ਕਿ ’ਮਰੇ ਮੁੱਕਰੇ ਦਾ ਕੋਈ ਇਲਾਜ ਨਹੀਂ’। ਕਲ ਮੰਗ ਕਰਦੇ ਸੀ ਫਿਰ ਅੱਜ ਇਨਕਾਰ ਅਤੇ ਝੂਠ ਦਾ ਰੋਲਾ ਕਿਉਂ? ਸਵਾਲ ਇਹ ਨਹੀਂ ਕਿ ਸਬੂਤ ਹਨ ਜਾਂ ਨਹੀਂ, ਸਵਾਲ ਇਹ ਹੈ ਕਿ ਸੱਚ ਤੋਂ ਭੱਜਣਾ ਕੀ ਬੇਸ਼ਰਮੀ ਨਹੀਂ? ਜਦੋਂ ਦਸਤਾਵੇਜ਼ ਬੋਲਦੇ ਹੋਣ, ਤਦ ਮੂੰਹੋਂ ਮੁੱਕਰਨਾ ਰਾਜਨੀਤੀ ਨਹੀਂ, ਪਰ ਧੋਖਾ ਹੁੰਦਾ ਹੈ। ਕੀ ਹੁਣ ਹੋਰ ਸਬੂਤ ਦੀ ਲੋੜ ਹੈ?
ਪ੍ਰੋ. ਖਿਆਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 9 ਜਨਵਰੀ 2022 ਨੂੰ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਉਣ ਦਾ ਕੀਤਾ ਗਿਆ ਐਲਾਨ, ਦਰਅਸਲ ਅਕਾਲੀ ਦਲ ਦੀ ਆਪਣੀ ਪੁਰਾਣੀ ਸੋਚ ਅਤੇ ਮੰਗ ਨੂੰ ਹੀ ਰਾਸ਼ਟਰੀ ਪੱਧਰ ’ਤੇ ਸਨਮਾਨ ਦੇਣ ਦੇ ਬਰਾਬਰ ਹੈ। ਪਰ ਅਫ਼ਸੋਸ ਇਹ ਹੈ ਕਿ ਅੱਜ ਅਕਾਲੀ ਦਲ ਉਸੇ ਸਚਾਈ ਤੋਂ ਮੁਨਕਰ ਹੋ ਕੇ ਸਿੱਖ ਕੌਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ‘ਬਾਲ’ ਕਹਿਣਾ ਉਨ੍ਹਾਂ ਦੀ ਮਹਾਨਤਾ ਨੂੰ ਘਟਾਉਣਾ ਨਹੀਂ, ਸਗੋਂ ਇਹ ਦਰਸਾਉਂਦਾ ਹੈ ਕਿ ਬਾਲ ਅਵਸਥਾ ਵਿੱਚ ਵੀ ਧਰਮ, ਸੱਚ ਅਤੇ ਹੱਕ ਲਈ ਦਿੱਤੀ ਗਈ ਕੁਰਬਾਨੀ ਮਨੁੱਖੀ ਇਤਿਹਾਸ ਦੀ ਸਭ ਤੋਂ ਉੱਚੀ ਮਿਸਾਲ ਹੈ। ‘ਵੀਰ ਬਾਲ ਦਿਵਸ’ ਸ਼ਬਦ ਵਿੱਚ ਵੀਰਤਾ ਵੀ ਹੈ ਅਤੇ ਬਾਲਪਣ ਦੀ ਅਵਸਥਾ ਵੀ, ਜੋ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚਲਣ ਪ੍ਰਤੀ ਸਮਰੱਥ ਸਨ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਅਤੇ ਉਸ ਦੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੀ ਪੁਰਾਣੇ ਬਿਆਨਾਂ ਅਤੇ ਸੋਸ਼ਲ ਮੀਡੀਆ ਰਿਕਾਰਡ ਨੂੰ ਯਾਦ ਕਰੇ, ਸਿਆਸੀ ਯੂ-ਟਰਨ ਲੈਣ ਦੀ ਥਾਂ ਸਚਾਈ ਨੂੰ ਕਬੂਲ ਕਰੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਦੇਣ ਵਾਲੇ ਇਸ ਇਤਿਹਾਸਕ ਕਦਮ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰੇ।