ਸੁਨਾਮ : ਸੁਨਾਮ ਨੇੜਲੇ ਪਿੰਡ ਹੰਬਲਵਾਸ ਜਖੇਪਲ ਵਿਖੇ ਵਿਸ਼ੇਸ਼ ਜਾਣ ਦੀ ਇੱਛਾ ਪੂਰੀ ਨਾ ਹੋਣ ਕਰਕੇ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਨੇ ਕੋਈ ਜਹਿਰੀਲੀ ਚੀਜ ਨਿਗਲਕੇ ਖੁਦਕਸ਼ੀ ਕਰ ਲਈ ਹੈ। ਸ਼ੁੱਕਰਵਾਰ ਨੂੰ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿਖੇ ਮ੍ਰਿਤਕ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਧਰਮਗੜ੍ਹ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਹੰਬਲਵਾਸ ਜਖੇਪਲ ਦੇ ਬਾਰਵੀਂ ਜਮਾਤ ਪਾਸ ਨੌਜਵਾਨ ਹਰਵੀਰ ਸਿੰਘ ਨੇ ਵਿਦੇਸ਼ ਜਾਣ ਲਈ ਵੀਜੇ ਦੀ ਫਾਇਲ ਲਗਾਈ ਸੀ ਪਰ ਕਿਸੇ ਕਾਰਨ ਉਸ ਦੀ ਵੀਜੇ ਦੀ ਰੀਫਿਊਜਲ ਆ ਗਈ।ਹਰਵੀਰ ਸਿੰਘ ਵਿਦੇਸ਼ ਜਾਣ ਲਈ ਮੁੜ ਫਾਇਲ ਲਾਉਣਾ ਚਾਹੁੰਦਾ ਸੀ ਪਰ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ।ਜਿਸ ਕਾਰਨ ਉਸ ਨੇ ਆਪਣੇ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ ਨਿਗਲ ਲਈ। ਪਤਾ ਲੱਗਣ ਤੇ ਬੇਹੋਸ਼ੀ ਦੀ ਹਾਲਤ ਵਿਚ ਹਰਵੀਰ ਸਿੰਘ ਨੂੰ ਇਲਾਜ ਲਈ ਸੁਨਾਮ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਹਰਵੀਰ ਸਿੰਘ (23) ਪੁੱਤਰ ਜੱਗਾ ਸਿੰਘ ਵਾਸੀ ਪਿੰਡ ਹੰਬਲਵਾਸ ਜਖੇਪਲ ਦੀ ਮੌਤ ਹੋ ਗਈ।ਸਹਾਇਕ ਦਰਸ਼ਨ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਦੇ ਪਿਤਾ ਜੱਗਾ ਸਿੰਘ ਦੇ ਬਿਆਨਾਂ 'ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।