3,400 ਤੋਂ ਵੱਧ ਪੁਲਿਸ ਮੁਲਾਜ਼ਮ 24 ਘੰਟੇ ਤਾਇਨਾਤ; ਸੀਸੀਟੀਵੀ ਅਤੇ ਡਰੋਨ ਨਿਗਰਾਨੀ ਬਣਾਈ ਯਕੀਨੀ
ਸ੍ਰੀ ਫ਼ਤਹਿਗੜ੍ਹ ਸਾਹਿਬ : ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਸਭਾ ਸ਼ੁਰੂ ਹੋਣ ਦੇ ਮੱਦੇਨਜ਼ਰ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਅੱਜ ਇਸ ਪਵਿੱਤਰ ਸਥਾਨ 'ਤੇ ਨਤਮਸਤਕ ਹੋਏ ਅਤੇ ਧਾਰਮਿਕ ਸਮਾਗਮ ਦੇ ਸੁਚਾਰੂ, ਸੁਰੱਖਿਅਤ ਅਤੇ ਵਿਵਸਥਿਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਬਹੁ-ਪੱਧਰੀ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਯੋਜਨਾ ਦਾ ਨਿੱਜੀ ਤੌਰ 'ਤੇ ਜਾਇਜ਼ਾ ਲਿਆ। ਦਸਵੇਂ ਸਿੱਖ ਗੁਰੂ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਸਭਾ ਅੱਜ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ੁਰੂ ਹੋ ਗਈ ਹੈ। ਇਸ ਮੌਕੇ ਡੀਜੀਪੀ ਨੇ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਅਤੇ ਐਸਐਸਪੀ ਸ੍ਰੀ ਫ਼ਤਹਿਗੜ੍ਹ ਸਾਹਿਬ ਸ਼ੁਭਮ ਅਗਰਵਾਲ ਦੇ ਨਾਲ ਧਾਰਮਿਕ ਸਮਾਗਮ ਨੂੰ ਸ਼ਾਂਤੀਪੂਰਨ ਢੰਗ ਨਾਲ ਯਕੀਨੀ ਬਣਾਉਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ, ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੂਰੇ ਖੇਤਰ ਨੂੰ ਯੋਜਨਾਬੱਧ ਢੰਗ ਨਾਲ ਛੇ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਪੂਰੇ ਸਮਾਗਮ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਛੇ ਐਸਪੀ ਰੈਂਕ ਦੇ ਅਧਿਕਾਰੀਆਂ ਅਤੇ 24 ਡੀਐਸਪੀ ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 3400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਡੀਜੀਪੀ ਨੇ ਕਿਹਾ, "ਸਾਡਾ ਮੁੱਖ ਮੰਤਵ ਸੰਗਤ ਦੀ ਸੁਰੱਖਿਆ, ਸਹੂਲਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ। ਪੰਜਾਬ ਪੁਲਿਸ ਇਸ ਜ਼ਿੰਮੇਵਾਰੀ ਨੂੰ ਸੇਵਾ ਵਜੋਂ ਨਿਭਾ ਰਹੀ ਹੈ ਅਤੇ ਸੰਗਤ ਨੂੰ ਨਿਮਰਤਾ ਅਤੇ ਸਮਰਪਣ ਨਾਲ ਮਾਰਗਦਰਸ਼ਨ ਅਤੇ ਸਹੂਲਤ ਪ੍ਰਦਾਨ ਕੀਤੀ ਜਾਵੇਗੀ।" ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਚੌਕਸ ਅਤੇ ਡਿਊਟੀ ਪ੍ਰਤੀ ਵਚਨਬੱਧ ਰਹਿੰਦਿਆਂ ਸ਼ਿਸ਼ਟਾਚਾਰੀ ਅਤੇ ਲੋਕ-ਪੱਖੀ ਪਹੁੰਚ ਅਪਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਨਿਰਵਿਘਨ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਇਸ ਸਾਲ ਕੀਤੇ ਗਏ ਉਪਰਾਲਿਆਂ ਨੂੰ ਉਜਾਗਰ ਕਰਦਿਆਂ, ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੰਗਤਾਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਸ੍ਰੀ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਕਈ ਉਪਾਅ ਲਾਗੂ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ 200 ਮੀਟਰ ਦੇ ਘੇਰੇ ਨੂੰ ਨੋ ਵਹੀਕਲ ਜ਼ੋਨ ਬਣਾਇਆ ਗਿਆ ਹੈ ਅਤੇ 22 ਪਾਰਕਿੰਗ ਸਥਾਨ ਨਿਰਧਾਰਤ ਕੀਤੇ ਗਏ ਹਨ ਅਤੇ ਇਨ੍ਹਾਂ ਪਾਰਕਿੰਗ ਸਥਾਨਾਂ ਤੋਂ ਗੁਰਦੁਆਰਾ ਸਾਹਿਬ ਤੱਕ ਸੰਗਤਾਂ ਨੂੰ ਲਿਜਾਣ ਲਈ ਈ-ਰਿਕਸ਼ਾ, ਆਟੋ ਅਤੇ ਸ਼ਟਲ ਬੱਸ ਸੇਵਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਿਰਵਿਘਨ ਟ੍ਰੈਫਿਕ ਪ੍ਰਬੰਧਨ ਦੀ ਸਹੂਲਤ ਲਈ, ਪੰਜਾਬ ਪੁਲਿਸ ਵੱਲੋਂ ਗੂਗਲ ਦੇ ਸਹਿਯੋਗ ਨਾਲ ਪਾਰਕਿੰਗ ਸਥਾਨਾਂ ਦੀ ਰੀਅਲ-ਟਾਈਮ ਜੀਓ-ਟੈਗਿੰਗ ਕੀਤੀ ਗਈ ਹੈ ਅਤੇ ਰਣਨੀਤਕ ਸਥਾਨਾਂ 'ਤੇ ਦਿਸ਼ਾ-ਨਿਰਦੇਸ਼ ਵਾਲੇ ਸਾਈਨ ਬੋਰਡ ਲਗਾਏ ਗਏ ਹਨ।
ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ, ਇਕੱਠ ਦੀ ਨਿਰਵਿਘਨ ਆਵਾਜਾਈ, ਟ੍ਰੈਫਿਕ ਪ੍ਰਵਾਹ ਅਤੇ ਪਾਰਕਿੰਗ ਖੇਤਰਾਂ ਦੀ ਨਿਗਰਾਨੀ ਲਈ ਛੇ ਡਰੋਨ ਅਤੇ ਲਗਭਗ 300 ਹਾਈ-ਟੈਕ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਸਮਾਜ ਵਿਰੋਧੀ ਤੱਤਾਂ 'ਤੇ ਪੈਣੀ ਨਜ਼ਰ ਰੱਖੀ ਜਾ ਰਹੀ ਹੈ।
ਡੀਜੀਪੀ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ ਅਤੇ ਫਾਇਰ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਛੇ ਏਕੀਕ੍ਰਿਤ ਹੈਲਪ ਡੈਸਕ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇੱਕ ਏਕੀਕ੍ਰਿਤ ਕੰਟਰੋਲ ਰੂਮ, ਜਨਤਕ ਸਹਾਇਤਾ ਕਿਓਸਕ, ਵਿਸ਼ੇਸ਼ ਸੰਕਟਕਾਲੀਨ ਪ੍ਰਤੀਕਿਰਿਆ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਸੋਸ਼ਲ ਮੀਡੀਆ ਨਿਗਰਾਨੀ, ਵਿਸ਼ੇਸ਼ ਸ਼ਾਖਾ ਅਤੇ ਖੁਫੀਆ ਜਾਣਕਾਰੀ ਰਾਹੀਂ 24 ਘੰਟੇ ਨਿਗਰਾਨੀ ਯਕੀਨੀ ਬਣਾਈ ਗਈ ਹੈ।