ਸੁਨਾਮ : ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਆਗੂਆਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। ਜਥੇਬੰਦੀ ਦਾ ਤਰਕ ਹੈ ਕਿ ਲਾਰਾ ਲਾਊ ਨੀਤੀਆਂ ਨਾਲ ਡੰਗ ਟਪਾਈ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਸੁਨਾਮ ਵਿਖੇ ਪੈਨਸ਼ਨਰ ਐਸੋਸ਼ੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਫ਼ਤਰ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੇਮ ਅਗਰਵਾਲ, ਚੇਤ ਰਾਮ ਢਿੱਲੋਂ, ਜਗਦੇਵ ਸਿੰਘ ਚੀਮਾਂ ਅਤੇ ਸ਼ਮਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਪੈਨਸ਼ਨਰਾਂ ਦੀਆਂ ਮੰਗਾਂ ਜਿਉਂ ਦੀ ਤਿਉਂ ਮੂੰਹ ਅੱਡੀ ਖੜ੍ਹੀਆਂ ਹਨ। ਉਨ੍ਹਾਂ ਸੂਬਾ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਲਾਰਾ ਲਾਊ ਨੀਤੀਆਂ ਨਾਲ ਡੰਗ ਟਪਾਈ ਕਰ ਰਹੀ ਹੈ। ਜਥੇਬੰਦੀ ਵਿੱਚ ਸ਼ਾਮਿਲ ਹੋਏ ਨਵੇਂ ਪੈਨਸ਼ਨਰਜ਼ ਸਾਥੀ ਮਨੋਹਰ ਲਾਲ ਸ਼ਰਮਾ ਦਾ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰੇਮ ਅਗਰਵਾਲ ਨੇ ਦੱਸਿਆ ਕਿ 17 ਦਸੰਬਰ ਪੈਨਸ਼ਨ ਦਿਵਸ਼ ਮਨਾਉਣ ਦੇ ਸਬੰਧ ਵਿੱਚ ਵੱਖ ਵੱਖ ਕਮੇਟੀਆਂ ਬਣਾਈਆਂ ਗਈਆਂ ਜਿਸ ਵਿੱਚ ਮਾਸਟਰ ਅੰਤਰ ਸਿੰਘ ਆਨੰਦ , ਅਸ਼ੋਕ ਕੁਮਾਰ ਵਰਮਾ, ਕੁਲਦੀਪ ਪਾਠਕ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਪੈਨਸ਼ਨ ਦਿਵਸ ਮੌਕੇ ਨਵੇਂ ਸਾਲ 2026 ਦਾ ਕੈਲੰਡਰ ਵੀ ਮੁੱਖ ਮਹਿਮਾਨ ਵੱਲੋਂ ਰਲੀਜ਼ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਪਾਠਕ, ਜਗਦੇਵ ਸਿੰਘ ਚੀਮਾ , ਮਦਨ ਲਾਲ ਬਾਂਸਲ , ਸੁਖਵਿੰਦਰ ਸਿੰਘ ਚੱਠਾ, ਪ੍ਰਕਾਸ਼ ਸਿੰਘ ਕੰਬੋਜ਼ ,ਰਤਨ ਲਾਲ, ਕ੍ਰਿਸ਼ਨ ਕੁਮਾਰ ਗੋਇਲ, ਸੁਖਦੇਵ ਸਿੰਘ ਚੀਮਾਂ ,ਓਮ ਪ੍ਰਕਾਸ਼ ਵਾਸਨ, ਕਰਮ ਸਿੰਘ ਛਾਜਲੀ ,ਰਜਿੰਦਰ ਕੁਮਾਰ ਗਰਗ, ਥਾਣੇਦਾਰ ਸ਼ੇਰ ਸਿੰਘ ਨੀਲੋਵਾਲ , ਗਿਰਧਾਰੀ ਲਾਲ ਜਿੰਦਲ ਵਿਤ ਸਕੱਤਰ, ਸ਼ਮਿੰਦਰ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਆਦਿ ਹਾਜ਼ਰ ਸਨ।