Monday, November 24, 2025

Chandigarh

ਪੰਜਾਬ ਸਰਕਾਰ ਨੇ ਪ੍ਰਭਾਵਸ਼ਾਲੀ ਡਰੋਨ ਸ਼ੋਅ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾਂਜਲੀ ਕੀਤੀ ਭੇਟ

November 24, 2025 12:21 AM
SehajTimes

ਸ੍ਰੀ ਅਨੰਦਪੁਰ ਸਾਹਿਬ : ਨੌਵੇਂ ਸਿੱਖ ਗੁਰੂ ਸਾਹਿਬ ਅਤੇ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਹਿੱਸੇ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਵਾਏ ਪ੍ਰਭਾਵਸ਼ਾਲੀ ਡਰੋਨ ਸ਼ੋਅ ਨਾਲ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਅਸਮਾਨ ਰੁਸ਼ਨਾ ਉੱਠਿਆ। ਇਹ ਵਿਲੱਖਣ ਹਵਾਈ ਸ਼ੋਅ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਖ਼ਾਤਰ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਲਾਸਾਨੀ ਸ਼ਹਾਦਤ ਪ੍ਰਤੀ ਡੂੰਘੀ ਸ਼ਰਧਾਂਜਲੀ ਸੀ।

ਇਸ ਲ ਡਰੋਨ ਪ੍ਰਦਰਸ਼ਨੀ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਾਂ ਪੂਰੇ ਦ੍ਰਿਸ਼ਾਂ ਨੂੰ ਸ਼ਰਧਾ ਅਤੇ ਬਾਰੀਕੀ ਨਾਲ ਦਰਸਾਉਂਦਿਆਂ ਰੌਸ਼ਨੀ ਅਤੇ ਗਤੀ ਦੇ ਵਿਲੱਖਣ ਕ੍ਰਮ ਜ਼ਰੀਏ ਇਤਿਹਾਸਕ ਬਿਰਤਾਂਤ ਨੂੰ ਪੇਸ਼ ਕੀਤਾ।

ਇਸ ਸ਼ੋਅ ਦੀ ਸ਼ੁਰੂਆਤ ਮੁਗਲ ਸ਼ਾਸਕ ਔਰੰਗਜ਼ੇਬ ਦੇ ਜ਼ਾਲਮ ਸ਼ਾਸ਼ਨ ਦੇ ਦ੍ਰਿਸ਼ਟਾਂਤ ਨਾਲ ਹੋਈ, ਜਿਸ ਵੱਲੋਂ ਸਭ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨ ਦੀ ਇੱਛਾ ਕਾਰਨ ਜਜ਼ੀਆ ਲਗਾਉਣ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਸਮੇਤ ਵੱਡੇ ਪੱਧਰ ‘ਤੇ ਅਨੇਕਾਂ ਅੱਤਿਆਚਾਰ ਕੀਤੇ ਗਏ।

ਆਪਣੇ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਕਸ਼ਮੀਰੀ ਪੰਡਤਾਂ ਦੀ ਦੁਰਦਸ਼ਾ ਨੂੰ ਠੋਸ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਆਡਿਓ ਰਾਹੀਂ "ਜੋ ਸਰਣ ਆਵੈ ਤਿਸੁ ਕੰਠ ਲਾਵੈ (ਜੋ ਕੋਈ ਸ਼ਰਣ ਵਿੱਚ ਆਉਂਦਾ ਹੈ, ਮੈਂ ਉਨ੍ਹਾਂ ਨੂੰ ਗਲੇ ਲਗਾਉਂਦਾ ਹਾਂ) ਦੇ ਸਿਧਾਂਤ ਪ੍ਰਤੀ ਗੁਰੂ ਸਾਹਿਬ ਦੀ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕੀਤਾ।"

ਇਸ ਡਰੋਨ ਸ਼ੋਅ ਵਿੱਚ ਅੱਗੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਤਸੀਹੇ ਦੇ ਕੇ ਗੁਰੂ ਦੇ ਪੈਰੋਕਾਰਾਂ ਨੂੰ ਸ਼ਹੀਦ ਕਰਨ ਦੇ ਬਿਰਤਾਂਤ ਨੂੰ ਪੇਸ਼ ਕੀਤਾ ਗਿਆ। ਭਾਈ ਮਤੀ ਦਾਸ ਜੀ ਨੂੰ ਜਿਊਂਦੇ ਜੀਅ ਆਰੇ ਨਾਲ ਸ਼ਹੀਦ ਕੀਤੇ ਜਾਣ ਦੇ ਦ੍ਰਿਸ਼ ਨੂੰ ਡਰੋਨ ਦੇ ਨਾਲ-ਨਾਲ ਦਿਲ ਨੂੰ ਟੁੰਬ ਦੇਣ ਵਾਲੀ ਆਡੀਓ ਨਾਲ ਜੀਵਤ ਕਰ ਦਿੱਤਾ। ਇਸੇ ਤਰ੍ਹਾਂ ਡਰੋਨਾਂ ਰਾਹੀਂ ਭਾਈ ਦਿਆਲਾ ਜੀ ਦੇ ਜ਼ਿੰਦਾ ਉਬਾਲਣ ਦੇ ਅਦੁੱਤੀ ਬਲਿਦਾਨ ਨੂੰ ਪੇਸ਼ ਕੀਤਾ ਗਿਆ। ਭਾਈ ਸਤੀ ਦਾਸ ਜੀ ਜਿਹਨਾਂ ਨੂੰ ਰੂੰ ਵਿੱਚ ਲਪੇਟ ਕੇ ਜਿੰਦਾ ਸਾੜ ਦਿੱਤਾ ਗਿਆ ਸੀ, ਦੀ ਸ਼ਹਾਦਤ ਨੂੰ ਵੀ ਪੂਰੀ ਸ਼ਰਧਾ ਨਾਲ ਪੇਸ਼ ਕੀਤਾ ਗਿਆ।

ਸ਼ੋਅ ਦੇ ਅੰਤ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਗੰਭੀਰ ਚਿੱਤਰਣ ਕੀਤਾ ਗਿਆ। ਡਰੋਨਾਂ ਰਾਹੀਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵੱਲੋਂ ਆਪਣੇ ਸਿਧਾਂਤਾਂ ਨੂੰ ਤਿਆਗਣ ਤੋਂ ਇਨਕਾਰ ਕਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਸ਼ਰਧਾ ਅਤੇ ਗੰਭੀਰਤਾ ਨਾਲ ਪੇਸ਼ ਕੀਤਾ ਗਿਆ ਅਤੇ ਆਡੀਓ ਰਾਹੀਂ ਜਲਾਦ ਵੱਲੋਂ ਗੁਰੂ ਸਾਹਿਬ ਦੇ ਪਵਿੱਤਰ ਸੀਸ ਨੂੰ ਧੜ ਤੋਂ ਵੱਖ ਕਰਨ ਤੋਂ ਪਹਿਲਾਂ ਦੇ ਆਖਰੀ ਪਲਾਂ ਦਾ ਵਰਣਨ ਕੀਤਾ ਗਿਆ।

ਇਹ ਸ਼ੋਅ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਦੁਆਰਾ ਸਾਹਸ ਪੂਰਵਕ ਸ੍ਰੀ ਅਨੰਦਪੁਰ ਸਾਹਿਬ ਲਿਆਂਦੇ ਜਾਣ ਅਤੇ ਗੁਰੂ ਸਾਹਿਬ ਦੇ ਅੰਤਿਮ ਸੰਸਕਾਰਾਂ ਦੀ ਸ਼ਰਧਾ ਅਤੇ ਉਦਾਸੀ ਭਰੀ ਪੇਸ਼ਕਾਰੀ ਨਾਲ ਸਮਾਪਤ ਹੋਇਆ, ਜਿਸ ਨਾਲ ਵਿਰਾਸਤ-ਏ-ਖਾਲਸਾ ਵਿਖੇ ਇਕੱਠੀ ਹੋਈ ਸੰਗਤ ਵਿੱਚ ਸ਼ਰਧਾ ਅਤੇ ਸਤਿਕਾਰ ਦੀ ਡੂੰਘੀ ਭਾਵਨਾ ਪੈਦਾ ਹੋਈ। ਪੂਰੇ ਸ਼ੋਅ ਦੌਰਾਨ ਪੰਜਾਬੀ ਬਿਰਤਾਂਤ ਨੇ ਇੱਕ ਡੂੰਘਾ ਅਤੇ ਜਾਣਕਾਰੀ ਭਰਪੂਰ ਅਨੁਭਵ ਪ੍ਰਦਾਨ ਕੀਤਾ, ਜਿਸ ਨਾਲ ਸੰਗਤ ਨੂੰ ਇਸ ਘਟਨਾ ਦੇ ਇਤਿਹਾਸਕ ਅਤੇ ਅਧਿਆਤਮਿਕ ਮਹੱਤਵ ਨਾਲ ਜੋੜਿਆ ਗਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦਿਆਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਅਤੇ ਪੂਰੀ ਦੁਨੀਆ ਨੂੰ ਨੌਵੇਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਜੀਵਨ, ਦਰਸ਼ਨ ਅਤੇ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਇਆ ਜਾਵੇ ਅਤੇ ਵਿਸ਼ਵ ਇਤਿਹਾਸ ਵਿੱਚ ਧਾਰਮਿਕ ਆਜ਼ਾਦੀ ਦੇ ਸਭ ਤੋਂ ਵੱਡੇ ਰਾਖਿਆਂ ਵਜੋਂ ਉਨ੍ਹਾਂ ਦੀ ਵਿਰਾਸਤ ਨੂੰ ਉਜਾਗਰ ਕੀਤਾ ਜਾਵੇ। ਇਹ ਵਿਲੱਖਣ ਡਰੋਨ ਸ਼ੋਅ ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਮੁੱਖ ਆਕਰਸ਼ਨ ਵਿੱਚੋ ਇੱਕ ਹੈ ਅਤੇ ਇਹ ਪੰਜਾਬ ਸਰਕਾਰ ਦੀ ਸੂਬੇ ਦੀ ਅਮੀਰ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਵਿਸ਼ਵ ਭਰ ਤੱਕ ਪਹੁੰਚਣ ਪ੍ਰਤੀ ਦ੍ਰਿੜ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ।

ਇਸ ਸ਼ਾਨਦਾਰ ਡੌਰਨ ਸ਼ੋਅ ਦੌਰਾਨ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ, ਸੈਰ-ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ., ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਬੁੱਧ ਰਾਮ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਮੌਜੂਦ ਸਨ।

Have something to say? Post your comment

 

More in Chandigarh

ਸਿਹਤ ਮੰਤਰੀ ਵੱਲੋਂ ਅੱਖਾਂ ਦੇ ਕੈਂਪ 'ਨਿਗ੍ਹਾ ਲੰਗਰ' ਦਾ ਨਿਰੀਖਣ, ਸ਼ਹੀਦੀ ਸਮਾਗਮਾਂ ਦੌਰਾਨ ਲਈ ਡਾਕਟਰੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਭਾਈਚਾਰਕ ਸਾਂਝ ਅਤੇ ਏਕਤਾ ਦਾ ਚਾਨਣ ਮੁਨਾਰਾ ਹੋ ਨਿੱਬੜਿਆ ਸਰਬ-ਧਰਮ ਸੰਮੇਲਨ

ਮੁੱਖ ਮੰਤਰੀ ਵੱਲੋਂ ਵਿਰਾਸਤ-ਏ-ਖ਼ਾਲਸਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਨੂੰ ਦਰਸਾਉਂਦੀ ਵਿਸ਼ੇਸ਼ ਪ੍ਰਦਰਸ਼ਨੀ ਗੈਲਰੀ ਦਾ ਉਦਘਾਟਨ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਬੁੱਧ ਰਾਮ ਨੇ ਸੰਗਤ ਨਾਲ ਲਗਾਇਆ ਗਾਈਡਡ ਵਿਰਾਸਤੀ ਟੂਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸਰਬ ਧਰਮ ਸੰਮੇਲਨ ਦੌਰਾਨ ਵਿਸ਼ਵ ਭਰ ਦੇ ਧਾਰਮਿਕ ਆਗੂਆਂ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ

'ਯੁੱਧ ਨਸ਼ਿਆਂ ਵਿਰੁੱਧ’ ਦੇ 267ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਸਮੇਤ 66 ਨਸ਼ਾ ਤਸਕਰ ਕਾਬੂ

ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਬਾਬਾ ਬੁੱਢਾ ਦਲ ਛਾਉਣੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਅਕਾਲ ਪੁਰਖ ਦਾ ਅਸ਼ੀਰਵਾਦ ਲਿਆ

ਪੰਜਾਬ ਕੋਲੋਂ ਚੰਡੀਗੜ੍ਹ ਖੋਹਣ ਲਈ ਕੇਂਦਰ ਸਰਕਾਰ ਦੇ ਨਾਪਾਕ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ : ਮੁੱਖ ਮੰਤਰੀ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ:ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਘੰਟੇ ਸਿਹਤ ਸੇਵਾਵਾਂ ਯਕੀਨੀ ਬਣਾ ਰਹੀ ਹੈ ਪੰਜਾਬ ਸਰਕਾਰ

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ