ਸ੍ਰੀ ਅਨੰਦਪੁਰ ਸਾਹਿਬ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਲੋੜਵੰਦ ਮਰੀਜ਼ਾਂ ਦੀ ਸਹੂਲਤ ਲਈ 24 ਘੰਟੇ ਸਿਹਤ ਅਤੇ ਐਮਰਜੈਂਸੀ ਸੇਵਾਵਾਂ ਯਕੀਨੀ ਬਣਾ ਰਹੀ ਹੈ। ਸ੍ਰੀ ਅਨੰਦਪੁਰ ਸਾਹਿਬ ਅਤੇ ਰੋਪੜ ਵਿਖੇ ਕ੍ਰਿਟੀਕਲ ਕੇਅਰ ਸੇਵਾਵਾਂ ਤੋਂ ਇਲਾਵਾ ਰੋਪੜ, ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਸਿਹਤ ਵਿਭਾਗ ਨੇ ਸਮਾਗਮ ਵਾਲੇ ਸਥਾਨਾਂ ’ਤੇ 24 ਘੰਟੇ ਸੇਵਾਵਾਂ ਦੇਣ ਲਈ 19 ਵਾਧੂ ਆਮ ਆਦਮੀ ਕਲੀਨਿਕ ਸਥਾਪਤ ਕਰਕੇ ਓ.ਪੀ.ਡੀ. ਸੇਵਾਵਾਂ ਦਾ ਵਿਸ਼ਾਲ ਨੈੱਟਵਰਕ ਬਣਾਇਅ ਗਿਆ ਹੈ। ਜ਼ਿਕਰਯੋਗ ਹੈ ਕਿ 22 ਨਵੰਬਰ ਨੂੰ, ਕੁੱਲ 1,111 ਮਰੀਜ਼ਾਂ ਨੇ ਇਨ੍ਹਾਂ ਕਲੀਨਿਕਾਂ ’ਤੇ ਸਿਹਤ ਸੇਵਾਵਾਂ ਦਾ ਲਾਭ ਲਿਆ ਅਤੇ ਲਗਭਗ 100 ਲੈਬ ਟੈਸਟ ਵੀ ਕੀਤੇ ਗਏ । ਅੱਖਾਂ ਦੀ ਮੁਫ਼ਤ ਜਾਂਚ ਸਬੰਧੀ ਪਹਿਲ (‘‘ਨਿਗਾਹ ਲੰਗਰ’’) ਤਹਿਤ ਕੁੱਲ 522 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਕੁੱਲ 390 ਐਨਕਾਂ ਵੰਡੀਆਂ ਗਈਆਂ ਹਨ। ਜ਼ਿਲ੍ਹਾ ਹਸਪਤਾਲ ਰੋਪੜ ਵਿਖੇ ਇੱਕ ਮਰੀਜ਼ ਦੀ ਮੋਤੀਆਬਿੰਦ ਦੀ ਸਰਜਰੀ ਵੀ ਕੀਤੀ ਗਈ ।
ਪੰਜਾਬ ਸਰਕਾਰ ਨੇ ਇੱਕ ਮਜ਼ਬੂਤ ਐਂਬੂਲੈਂਸ ਨੈੱਟਵਰਕ ਸਥਾਪਿਤ ਕੀਤਾ ਹੈ, ਜਿਸ ਵਿੱਚ 24 ਬੇਸਿਕ ਲਾਈਫ ਸਪੋਰਟ ਐਂਬੂਲੈਂਸਾਂ ਅਤੇ 7 ਐਡਵਾਂਸਡ ਲਾਈਫ ਸਪੋਰਟ ਐਂਬੂਲੈਂਸ ਸ਼ਾਮਲ ਹਨ, ਜੋ 24 ਘੰਟੇ ਰਣਨੀਤਕ ਸਥਾਨਾਂ ’ਤੇ ਸੰਗਤਾਂ ਦੀ ਸੇਵਾ ਲਈ ਉਪਲਬਧ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਖੂਨਦਾਨ ਕੈਂਪ ਵੀ ਲ਼ਗਾਏ ਜਾਣਗੇ। ਡਾਕਟਰੀ ਐਮਰਜੈਂਸੀ ਲਈ ਇੱਕ ਸਮਰਪਿਤ ਹੈਲਪਲਾਈਨ ਨੰਬਰ 98155-88342 ਲੋਕਾਂ ਦੀ ਸੇਵਾਂ ਲਈ ਨਿਰੰਤਰ ਜਾਰੀ ਰਹੇਗਾ।